ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ

Friday, May 13, 2022 - 10:53 PM (IST)

ਪੁੱਤ ਦੇ ਨਸ਼ੇ ਨੇ ਅੰਦਰ ਤੱਕ ਤੋੜ ਦਿੱਤੀ ਮਾਂ, ਵਿਧਾਇਕ ਕੋਲ ਪਹੁੰਚ ਨਸ਼ੇੜੀ ਪੁੱਤ ਲਈ ਮੰਗੀ ਮੌਤ ਦੀ ਇਜਾਜ਼ਤ

ਲੁਧਿਆਣਾ : ਪੰਜਾਬ ਵਿਚ ਨਸ਼ੇ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਆਲਮ ਇਹ ਹੈ ਕਿ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਕਾਰਣ ਨੌਜਵਾਨਾਂ ਦੀ ਮੌਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਦੇ ਪਰਿਵਾਰ ਵੀ ਡੂੰਘੀ ਪੀੜਾਂ ’ਚੋਂ ਲੰਘਣ ਨੂੰ ਮਜ਼ਬੂਰ ਹਨ। ਲੁਧਿਆਣਾ ਵਿਚ ਇਕ ਮਾਂ ਪੁੱਤ ਦੇ ਨਸ਼ੇ ਤੋਂ ਇਸ ਕਦਰ ਧੁਰ ਅੰਦਰ ਤੱਕ ਦੁਖੀ ਹੋ ਕੇ ਬੇਬਸ ਹੋ ਗਈ ਕਿ ਉਹ ਸੈਂਟਰਲ ਹਲਕੇ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਕੋਲ ਪਹੁੰਚ ਗਈ ਅਤੇ ਪੁੱਤ ਲਈ ਮੌਤ ਦੀ ਇਜਾਜ਼ਤ ਮੰਗਣ ਲੱਗੀ। ਹਾਲਾਂਕਿ ਇਸ ਤੋਂ ਬਾਅਦ ਵਿਧਾਇਕ ਨੇ ਉਨ੍ਹਾਂ ਦੇ ਪੁੱਤਰ ਨੂੰ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ। ਬੁੱਧਵਾਰ ਨੂੰ ਵਿਧਾਇਕ ਦੇ ਦਫਤਰ ਵਿਚ ਪਹੁੰਚੀ ਮਹਿਲਾ ਨੇ ਦੱਸਿਆ ਕਿ ਉਸ ਦਾ ਪੁੱਤ ਨਸ਼ੇ ਦਾ ਆਦੀ ਹੋ ਗਿਆ ਹੈ। ਉਹ ਕੋਈ ਕੰਮ ਨਹੀਂ ਕਰਦਾ ਹੈ। ਨਸ਼ੇ ਲਈ ਘਰ ਦਾ ਸਮਾਨ ਵੇਚ ਰਿਹਾ ਹੈ। ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਹ ਸੁਧਰ ਜਾਵੇਗਾ ਪਰ ਉਹ ਨਸ਼ੇ ਵਿਚ ਚੂਰ ਰਹਿੰਦਾ ਹੈ।

ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰਿਆ ਥਾਣਾ ਮਾਹਿਲਪੁਰ ਦਾ ਥਾਣੇਦਾਰ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਉਕਤ ਨੇ ਕਿਹਾ ਕਿ ਹੁਣ ਤਾਂ ਨੂੰਹ ਵੀ ਉਸ ਨੂੰ ਕਹਿੰਦੀ ਹੈ ਕਿ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਉਕਤ ਜਨਾਨੀ ਨੇ ਵਿਧਾਇਕ ਤੋਂ ਗੁਹਾਰ ਲਗਾਈ ਕਿ ਉਹ ਉਸ ਨੂੰ ਰਾਸ਼ਟਰਪਤੀ ਤੋਂ ਪੁੱਤ ਨੂੰ ਮਾਰਨ ਦੀ ਮਨਜ਼ੂਰੀ ਲੈ ਕੇ ਦੇਣ। ਉਧਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦਫਤਰ ਵਿਚ ਰੋਜ਼ਾਨਾ ਇਕ ਦੋ ਬੀਬੀਆਂ ਪਤੀ ਜਾਂ ਪੁੱਤ ਦੇ ਨਸ਼ੇ ਦੀ ਆਦਤ ਤੋਂ ਦੁਖੀ ਹੋ ਕੇ ਮਦਦ ਲਈ ਗੁਹਾਰ ਲੈਕੇ ਪਹੁੰਚਦੀਆਂ ਹਨ ਅਤੇ ਉਹ ਉਨ੍ਹਾਂ ਦੀ ਮਦਦ ਵੀ ਕਰਦੇ ਹਨ। 

ਇਹ ਵੀ ਪੜ੍ਹੋ : ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਬਣੀ ਨਵੀਂ ਐੱਸ. ਆਈ. ਟੀ. ਦੀ ਜਾਂਚ ਰਿਪੋਰਟ ਹਾਈਕੋਰਟ ’ਚ ਤਲਬ

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਖ਼ਤ ਹੁਕਮ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਦੀ ਪੂਰੀ ਤਿਆਰੀ 'ਚ ਹੈ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀਜ਼ ਨਾਲ ਵੀਰਵਾਰ ਨੂੰ ਬੈਠਕ ਹੋਈ। ਬੈਠਕ ਦੌਰਾਨ ਮੁੱਖ ਮੰਤਰੀ ਵੱਲੋਂ ਸਾਰੇ ਡੀ. ਸੀਜ਼ ਅਤੇ ਐੱਸ. ਐੱਸ. ਪੀਜ਼ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਾ ਜਾਵੇ। ਭਗਵੰਤ ਮਾਨ ਨੇ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਨਸ਼ਿਆਂ ਖ਼ਿਲਾਫ਼ ਵੱਡੀ ਜੰਗ ਛੇੜ ਰਹੇ ਹਾਂ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਪਾਰ 'ਤੇ ਫੁੱਲ ਸਟਾਪ ਲੱਗਣ ਤੱਕ ਨਹੀਂ ਰੁਕਾਂਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ, ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਪੰਜਾਬ ਸਰਕਾਰ ਵੱਡੇ ਪੱਧਰ 'ਤੇ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਕਿਸੇ ਵੀ ਹਾਲਤ 'ਚ ਪੰਜਾਬ ਦੇ ਨੌਜਵਾਨਾਂ 'ਤੇ ਹਾਵੀ ਨਹੀਂ ਹੋਣ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ 'ਤੇ ਲੱਗੇ ਹੋਏ ਹਨ, ਉਨ੍ਹਾਂ ਨੂੰ ਨਸ਼ਾ ਛੁਡਾਉਣ ਵਾਸਤੇ ਪੂਰੀ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੀ ਕਾਊਂਸਲਿੰਗ ਵੀ ਕੀਤੀ ਜਾਵੇਗੀ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਟ੍ਰੈਕਿੰਗ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ ਤਾਂ ਜੋ ਉਹ ਦੁਬਾਰਾ ਨਸ਼ਿਆਂ 'ਚ ਨਾ ਪੈ ਜਾਣ। ਭਗਵੰਤ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਨੌਜਵਾਨਾਂ ਨੂੰ ਵੀ ਪਤਾ ਲੱਗੇਗਾ ਕਿ ਸਿਸਟਮ ਸਾਨੂੰ ਸਪੋਰਟ ਕਰ ਰਿਹਾ ਹੈ ਅਤੇ ਸਾਡੀ ਖ਼ੁਸ਼ਹਾਲ ਜ਼ਿੰਦਗੀ ਜਿਊਣ ਲਈ ਮਦਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨਿਜ਼ਾਮਪੁਰ ਗੁਰਦੁਆਰਾ ਸਾਹਿਬ ਕਤਲ ਕਾਂਡ ’ਚ ਨਵਾਂ ਮੋੜ, ਬਰਜਿੰਦਰ ਸਿੰਘ ਪਰਵਾਨਾ ਦਾ ਨਾਮ ਆਇਆ ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News