ਹੈਂ...! ਪੇਸ਼ੀ ''ਤੇ ਅਦਾਲਤ ਲਿਆਂਦੇ ਹਵਾਲਾਤੀ ਨੂੰ ਵੀ ਪਹੁੰਚ ਗਈ ਨਸ਼ੇ ਦੀ ਸਪਲਾਈ, ਸ਼ਰੇਆਮ ਫੜਾ ਗਏ ਲਿਫਾਫਾ
Friday, Feb 27, 2026 - 06:18 PM (IST)
ਲੁਧਿਆਣਾ (ਰਾਜ): ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਚ ਸੁਰੱਖਿਆ ਵਿਵਸਥਾ ਨੂੰ ਛਿੱਕੇ ਟੰਗਦੇ ਹੋਏ ਇਕ ਅਣਪਛਾਤੇ ਨੌਜਵਾਨ ਵੱਲੋਂ ਪੇਸ਼ੀ 'ਤੇ ਆਏ ਹਵਾਲਾਤੀ ਨੂੰ ਸ਼ਰੇਆਮ ਨਸ਼ਾ ਸਪਲਾਈ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਹਵਾਲਾਤੀ ਦੀ ਜੇਬ ਵਿਚੋਂ ਨਸ਼ੀਲੇ ਕੈਪਸੂਲ ਅਤੇ ਸਮੈਕ ਬਰਾਮਦ ਕਰ ਲਈ। ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮੁਲਜ਼ਮ ਹਵਾਲਾਤੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਖੰਨਾ ਪੁਲਸ ਲਾਈਨ ਵਿਚ ਤਾਇਨਾਤ ਹਵਾਲਦਾਰ ਵਿਪਿਨ ਕੁਮਾਰ ਆਪਣੀ ਟੀਮ ਨਾਲ ਕਚਹਿਰੀ ਵਿਚ ਡਿਊਟੀ 'ਤੇ ਸਨ। ਇਸ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਦੇ ਇਕ ਮਾਮਲੇ ਵਿਚ ਬੰਦ ਹਵਾਲਾਤੀ ਹਰਪ੍ਰੀਤ ਸਿੰਘ ਉਰਫ਼ ਹੈਪੀ (ਨਿਵਾਸੀ ਦੋਰਾਹਾ) ਨੂੰ ਮਾਣਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦਾ ਗਿਆ ਸੀ। ਜਿਵੇਂ ਹੀ ਪੁਲਸ ਮੁਲਾਜ਼ਮ ਪੇਸ਼ੀ ਤੋਂ ਬਾਅਦ ਹਵਾਲਾਤੀ ਨੂੰ ਦੁਬਾਰਾ ਹੱਥਕੜੀ ਲਗਾ ਰਹੇ ਸਨ, ਉਦੋਂ ਹੀ ਭੀੜ ਦੇ ਵਿਚਕਾਰੋਂ ਇਕ ਅਣਪਛਾਤਾ ਨੌਜਵਾਨ ਅਚਾਨਕ ਸਾਹਮਣੇ ਆਇਆ। ਉਸ ਨੇ ਬੜੀ ਹੀ ਚਾਲਾਕੀ ਨਾਲ ਹਵਾਲਾਤੀ ਹੈਪੀ ਨੂੰ ਇਕ ਪਲਾਸਟਿਕ ਦਾ ਲਿਫਾਫਾ ਫੜਾਇਆ ਅਤੇ ਪਲਕ ਝਪਕਦੇ ਹੀ ਭੀੜ ਦਾ ਫਾਇਦਾ ਉਠਾ ਕੇ ਰਫੂਚੱਕਰ ਹੋ ਗਿਆ।
ਹਵਾਲਦਾਰ ਵਿਪਿਨ ਕੁਮਾਰ ਨੂੰ ਮੁਲਜ਼ਮ ਦੀਆਂ ਹਰਕਤਾਂ 'ਤੇ ਸ਼ੱਕ ਹੋਇਆ। ਉਨ੍ਹਾਂ ਬਿਨਾਂ ਦੇਰ ਕੀਤੇ ਹਵਾਲਾਤੀ ਨੂੰ ਕਾਬੂ ਕੀਤਾ ਅਤੇ ਉਸ ਦੀ ਸੱਜੀ ਜੇਬ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਸ ਦੇ ਹੋਸ਼ ਉੱਡ ਗਏ ਜਦੋਂ ਲਿਫਾਫੇ ਵਿਚੋਂ 16 ਨਸ਼ੀਲੇ ਕੈਪਸੂਲ ਅਤੇ 45 ਮਿਲੀਗ੍ਰਾਮ ਸਮੈਕ ਬਰਾਮਦ ਹੋਈ। ਪੁਲਸ ਨੇ ਤੁਰੰਤ ਨਸ਼ੀਲੀ ਵਸਤੂ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਹਵਾਲਾਤੀ ਦੇ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਸ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਉਸ ਅਣਪਛਾਤੇ ਨੌਜਵਾਨ ਦੀ ਪਛਾਣ ਕਰਨ ਵਿਚ ਜੁਟੀ ਹੈ ਜਿਸ ਨੇ ਕਚਹਿਰੀ ਵਰਗੀ ਸੁਰੱਖਿਅਤ ਜਗ੍ਹਾ 'ਤੇ ਨਸ਼ਾ ਪਹੁੰਚਾਉਣ ਦੀ ਜੁਅਰਤ ਕੀਤੀ।
