ਪੰਜਾਬ : ਕਮਰੇ ਅੰਦਰ ਸਹੇਲੀ ਨਾਲ ਇਸ ਹਾਲਤ ''ਚ ਮਿਲਿਆ ਮੁੰਡਾ, ਦੇਖ ਕੇ ਮਾਂ ਦੇ ਉੱਡ ਗਏ ਹੋਸ਼!

Monday, Feb 23, 2026 - 07:27 PM (IST)

ਪੰਜਾਬ : ਕਮਰੇ ਅੰਦਰ ਸਹੇਲੀ ਨਾਲ ਇਸ ਹਾਲਤ ''ਚ ਮਿਲਿਆ ਮੁੰਡਾ, ਦੇਖ ਕੇ ਮਾਂ ਦੇ ਉੱਡ ਗਏ ਹੋਸ਼!

ਮੋਗਾ, (ਕਸ਼ਿਸ਼)- ਸਥਾਨਕ ਬੁੱਕਣ ਵਾਲਾ ਰੋਡ 'ਤੇ ਸਥਿਤ ਇੱਕ ਘਰ ਵਿੱਚ ਪ੍ਰੇਮ ਸਬੰਧਾਂ ਦੇ ਚਲਦਿਆਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਵਿੱਚ 24-25 ਸਾਲਾ ਨੌਜਵਾਨ, ਜਿਸ ਦੀ ਪਛਾਣ ਲਵਦੀਪ ਸਿੰਘ ਵਜੋਂ ਹੋਈ ਹੈ, ਦੀ ਗਲਾ ਕੱਟਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਪ੍ਰੇਮਿਕਾ (30) ਗੰਭੀਰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਹੈ।

ਮ੍ਰਿਤਕ ਲਵਦੀਪ ਦੀ ਮਾਂ ਅਨੁਸਾਰ, ਸ਼ਾਮ ਵੇਲੇ ਜਦੋਂ ਉਹ ਚਾਹ ਬਣਾ ਰਹੀ ਸੀ ਤਾਂ ਲੜਕੀ ਉਨ੍ਹਾਂ ਦੇ ਘਰ ਆਈ। ਕੁਝ ਸਮੇਂ ਬਾਅਦ ਜਦੋਂ ਉਸਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਦੋਵੇਂ ਖੂਨ ਨਾਲ ਲੱਥ-ਪੱਥ ਪਏ ਸਨ। ਮਾਂ ਨੇ ਦੋਸ਼ ਲਾਇਆ ਕਿ ਲੜਕੀ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ਲਵਦੀਪ 'ਤੇ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ ਅਤੇ ਇਸੇ ਕਾਰਨ ਉਸ ਨੇ ਲਵਦੀਪ 'ਤੇ ਹਮਲਾ ਕਰਨ ਤੋਂ ਬਾਅਦ ਖੁਦ ਨੂੰ ਵੀ ਚਾਕੂ ਮਾਰ ਲਏ।

ਦੂਜੇ ਪਾਸੇ, ਹਸਪਤਾਲ ਵਿੱਚ ਜ਼ੇਰੇ ਇਲਾਜ ਲੜਕੀ ਨੇ ਵੱਖਰੀ ਕਹਾਣੀ ਦੱਸੀ ਹੈ। ਉਸ ਅਨੁਸਾਰ, ਲਵਦੀਪ ਨੇ ਪਹਿਲਾਂ ਉਸ ਦੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਫਿਰ ਉਸ ਨੂੰ ਫੋਨ ਕਰਕੇ ਘਰ ਸੱਦਿਆ। ਲੜਕੀ ਦਾ ਦਾਅਵਾ ਹੈ ਕਿ ਲਵਦੀਪ ਨੇ ਆਨਲਾਈਨ ਮੰਗਵਾਏ ਚਾਕੂ ਨਾਲ ਪਹਿਲਾਂ ਉਸ 'ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ। ਲੜਕੀ ਅਨੁਸਾਰ ਉਹ ਤਲਾਕਸ਼ੁਦਾ ਨਹੀਂ ਹੈ ਬਲਕਿ ਉਸ ਦਾ ਤਲਾਕ ਦਾ ਕੇਸ ਚੱਲ ਰਿਹਾ ਹੈ, ਜਦਕਿ ਲਵਦੀਪ ਜਲਦ ਵਿਆਹ ਕਰਵਾਉਣਾ ਚਾਹੁੰਦਾ ਸੀ।

ਥਾਣਾ ਸਿਟੀ ਸਾਊਥ ਦੇ ਐਸ.ਐਚ.ਓ. ਭਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਤੇਜ਼ਧਾਰ ਹਥਿਆਰ ਬਰਾਮਦ ਕਰਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਅਨੁਸਾਰ ਮਾਮਲਾ ਲਿਵ-ਇਨ ਸੰਬੰਧਾਂ ਵਿੱਚ ਹੋਏ ਆਪਸੀ ਵਿਵਾਦ ਦਾ ਜਾਪਦਾ ਹੈ। ਫਿਲਹਾਲ ਪੁਲਸ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।


author

DILSHER

Content Editor

Related News