ਲਾਟਰੀ ਨੇ ਬਣਾਇਆ ਕਰੋੜਪਤੀ, ਫਿਰ ਵੀ ਹੱਥ ਖਾਲੀ

Thursday, Feb 22, 2018 - 07:31 AM (IST)

ਚੰਡੀਗੜ੍ਹ (ਸੁਸ਼ੀਲ) - ਪੰਜਾਬ ਸਰਕਾਰ ਦੀ ਲੋਹੜੀ ਬੰਪਰ ਦੀ ਲਾਟਰੀ ਦਾ ਡੇਢ ਕਰੋੜ ਦਾ ਇਨਾਮ ਜਿਹੜੇ ਵਿਅਕਤੀ ਦਾ ਨਿਕਲਿਆ ਹੈ ਸਰਕਾਰ ਨੇ ਇਸ ਦਾ ਐਲਾਨ ਕੀਤਾ ਹੈ ਪਰ ਜੇਤੂ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਕੋਲ ਟਿਕਟ ਹੀ ਨਹੀਂ ਹੈ ਤੇ ਨਾ ਹੀ ਲਾਟਰੀ ਦਾ ਕਲੇਮ ਕੀਤਾ ਹੈ। ਹਸਪਤਾਲ ਵਿਚ ਪਤਨੀ ਦੇ ਇਲਾਜ ਦੌਰਾਨ ਸੁਰਿੰਦਰ ਦੀ ਟਿਕਟ ਗੁੰਮ ਹੋ ਗਈ ਸੀ। ਸੁਰਿੰਦਰ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਆਪਣੇ ਦੋਸਤ ਲਖਪਤ ਤੋਂ ਮੰਗਵਾਈ ਸੀ। ਕਾਰਪੇਂਟਰ ਦਾ ਕੰਮ ਕਰਨ ਵਾਲੇ ਅਟਾਵਾ ਦੇ ਰਹਿਣ ਵਾਲੇ ਸੁਰਿੰਦਰ ਨੇ ਦੱਸਿਆ ਕਿ ਉਸ ਨਾਲ ਕਿਸੇ ਨੇ ਡਰਾਅ ਸਬੰਧੀ ਸੰਪਰਕ ਨਹੀਂ ਕੀਤਾ ਤੇ ਨਾ ਹੀ ਕਿਸੇ ਦਾ ਫੋਨ ਆਇਆ ਹੈ, ਜਦਕਿ ਪੰਜਾਬ ਸਰਕਾਰ ਨੇ ਲਾਟਰੀ ਵਿਭਾਗ ਵਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਾਹੀਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਰਾਹੀਂ ਦੋ ਜੇਤੂਆਂ ਦੇ ਇਨਾਮ ਕੱਢਣ ਦੀ ਗੱਲ ਕਹੀ ਹੈ, ਜਿਸ ਵਿਚ ਚੰਡੀਗੜ੍ਹ ਦੇ ਅਟਾਵਾ ਸੈਕਟਰ-42 ਦੇ ਨਿਵਾਸੀ ਸੁਰਿੰਦਰ ਕੁਮਾਰ ਤੇ ਦੂਸਰਾ ਨਾਭਾ ਦਾ ਰਹਿਣ ਵਾਲਾ ਹੈ।
ਸੁਰਿੰਦਰ ਬੋਲਿਆ, ਨਹੀਂ ਪਤਾ ਕਿਵੇਂ ਕਰਾਂ ਕਲੇਮ
ਸੁਰਿੰਦਰ ਨੂੰ ਨਹੀਂ ਪਤਾ ਕਿ ਉਹ ਕਲੇਮ ਕਿਵੇਂ ਕਰੇ, ਜਿਹੜੇ ਇਨਾਮ ਸਬੰਧੀ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ, ਉਹ ਨਹੀਂ ਜਾਣਦਾ ਕਿ ਕਿਥੇ ਜਾਵੇ ਤੇ ਕਿਸ ਨਾਲ ਸੰਪਰਕ ਕਰੇ। ਸੁਰਿੰਦਰ ਨੂੰ ਟਿਕਟ ਦਾ ਨੰਬਰ ਵੀ ਨਹੀਂ ਪਤਾ ਹੈ। ਉਸ ਨੇ ਤਾਂ ਆਪਣੇ ਦੋਸਤ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ 500 ਰੁਪਏ ਦਿੱਤੇ ਸਨ ਤੇ ਟਿਕਟ ਦੇਖੀ ਤਕ ਨਹੀਂ। ਜਦੋਂ ਅਖਬਾਰ ਵਿਚ ਨਾਂ ਆਇਆ ਤਾਂ ਟਿਕਟ ਦੀ ਯਾਦ ਆਈ, ਜੋ ਕਿ ਅੱਜ ਤਕ ਨਹੀਂ ਮਿਲੀ।
ਇਕ ਕਮਰੇ ਦੇ ਘਰ 'ਚ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ
ਸੁਰਿੰਦਰ ਅਟਾਵਾ ਵਿਚ ਇਕ ਕਮਰੇ ਦੇ ਘਰ ਵਿਚ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ। ਸੁਰਿੰਦਰ ਕਾਗਜ਼ਾਂ ਵਿਚ ਤਾਂ ਕਰੋੜਪਤੀ ਹੈ ਪਰ ਅਸਲ ਵਿਚ ਕੰਗਾਲ ਹੈ, ਜਿਸ ਦੇ ਹੱਥ ਅੱਜ ਵੀ ਖਾਲੀ ਹਨ। ਇਹੀ ਨਹੀਂ, ਡੇਢ ਕਰੋੜ ਦੇ ਇਨਾਮ ਸਬੰਧੀ ਸੁਰਿੰਦਰ ਤੇ ਪਰਿਵਾਰ ਵਿਚ ਕੋਈ ਉਤਸ਼ਾਹ ਨਹੀਂ ਦਿਖਿਆ, ਉਹ ਤਾਂ ਅੱਜ ਵੀ ਦਿਹਾੜੀ ਲਾ ਕੇ ਘਰ ਆਇਆ ਸੀ।


Related News