ਪੰਜਾਬ ਸਰਕਾਰ ਦੀ ਬੱਲੇ-ਬੱਲੇ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ 'ਚ ਬਣਾਇਆ ਰਿਕਾਰਡ
Saturday, Sep 28, 2024 - 04:38 PM (IST)
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਆਸ ਦੀ ਕਿਰਨ ਬਣ ਗਿਆ ਹੈ। ਇਸ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਹੁਣ ਤੱਕ 45,708 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਆਸੀ ਸਿਫ਼ਾਰਸ਼ ਅਤੇ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੇ ਅਸਰ ਹੈ ਕਿ ਹੁਣ ਬਹੁਤ ਸਾਰੇ ਨੌਜਵਾਨ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਇੱਥੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਤਿਆਰੀ ਕਰ ਰਹੇ ਹਨ। ਪੰਜਾਬ ਸਰਕਾਰ ਲਗਾਤਾਰ ਵੱਖ-ਵੱਖ ਅਹੁਦਿਆਂ ਦੀਆਂ ਖਾਲ੍ਹੀ ਅਸਾਮੀਆਂ ‘ਤੇ ਭਰਤੀਆਂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਬੇਰੁਜ਼ਗਾਰੀ ਇਕ ਵੱਡਾ ਮੁੱਦਾ ਤੇ ਸਮੱਸਿਆ ਬਣੀ ਹੋਈ ਸੀ। ਹਰ ਸਾਲ ਲੱਖਾਂ ਨੌਜਵਾਨ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਨੌਕਰੀ ਦੀ ਭਾਲ ਕਰਦੇ ਹਨ। ਇਸ ਸਮੇਂ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ ਸਿਖਰ ‘ਤੇ ਹੈ ਪਰ ਪੰਜਾਬ ਸਰਕਾਰ ਨੇ ਇਸ ਸਮੱਸਿਆ ਨਾਲ ਦੋ-ਦੋ ਹੱਥ ਕਰਨ ਲਈ ਵੱਡੇ ਪੱਧਰ 'ਤੇ ਮੁਹਿੰਮ ਵਿੱਢੀ ਹੈ।
ਸੂਬਾ ਸਰਕਾਰ ਨੇ ਸਿਰਫ਼ ਢਾਈ ਸਾਲਾਂ 'ਚ ਹੀ 45,708 ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਅਤੇ ਨੌਕਰੀਆਂ ਦੇਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸਦਾ ਨਤੀਜਾ ਇਹ ਸਾਹਮਣੇ ਆਇਆ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਛੱਡ ਕੇ ਆਪਣੇ ਪੰਜਾਬ ਦੀ ਧਰਤੀ ਉਤੇ ਵਾਪਸ ਆ ਰਹੇ ਹਨ। ਦੱਸਣਯੋਗ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਪੂਰਾ ਕਰ ਦਿੱਤਾ ਗਿਆ ਹੈ। ਨੌਕਰੀਆਂ ਦੇਣ ਦਾ ਵਾਅਦਾ ਵੀ ਇਨ੍ਹਾਂ ਵਿੱਚੋਂ ਇਕ ਸੀ। ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗਾਰੰਟੀ ਪੂਰੀ ਕਰਨ ਦੇ ਮਕਸਦ ਨੂੰ ਜਾਰੀ ਰੱਖਦੇ ਹੋਏ ਮਾਨ ਸਰਕਾਰ ਨੇ ਸਿਰਫ਼ ਢਾਈ ਸਾਲਾਂ ‘ਚ ਹੀ 45,708 ਨੌਕਰੀਆਂ ਦੇ ਕੇ ਪੰਜਾਬ ਦੀ ਜਵਾਨੀ ਦੇ ਸੁਨਿਹਰੇ ਭਵਿੱਖ ਦੀ ਆਸ ਜਗਾਈ ਹੈ।