ਅਗਸਤ-ਸਤੰਬਰ ’ਚ 340 ਨਾਬਾਲਗਾਂ ਦੇ ਚਲਾਨ, ਫਿਰ ਵੀ ਸ਼ਹਿਰ ’ਚ ਨਹੀਂ ਰੁਕ ਰਹੀ ਅੰਡਰਏਜ ਡਰਾਈਵਿੰਗ
Thursday, Sep 26, 2024 - 04:25 AM (IST)
ਲੁਧਿਆਣਾ (ਸੰਨੀ) - ਸ਼ਹਿਰ ਦੀ ਟ੍ਰੈਫਿਕ ਪੁਲਸ ਬੀਤੇ ਅਗਸਤ ਅਤੇ ਸਤੰਬਰ ਮਹੀਨੇ ’ਚ 340 ਨਾਬਾਲਗ ਵਾਹਨਾਂ ਚਾਲਕਾਂ ਦੇ ਚਲਾਨ ਕਰ ਚੁੱਕੀ ਹੈ, ਇਸ ਦੇ ਬਾਵਜੂਦ ਅੰਡਰਏਜ ਡ੍ਰਾਈਵਿੰਗ ਨਹੀਂ ਰੁਕ ਰਹੀ। ਬੁੱਧਵਾਰ ਨੂੰ ਇਕ ਵਾਰ ਫਿਰ ਟ੍ਰੈਫਿਕ ਪੁਲਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਅੰਡਰਏਜ ਚਾਲਕਾਂ ਦੇ ਚਲਾਨ ਕੀਤੇ ਹਨ। ਇਸ ਤੋਂ ਪਹਿਲਾਂ ਪੁਲਸ 2 ਵਾਰ ਅੰਡਰਏਜ ਚਾਲਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਿਤਾਵਨੀ ਜਾਰੀ ਕਰ ਚੁੱਕੀ ਹੈ। ਬਿਨਾਂ ਡਰਾਈਵਿੰਗ ਲਾਇਸੈਂਸ, ਨਾਬਾਲਗ ਵਾਹਨ ਚਲਾਉਂਦੇ ਫੜੇ ਜਾਣ ’ਤੇ ਚਾਲਕ ਦਾ 5000 ਰੁਪਏ ਅਤੇ ਪੇਰੈਂਟਸ ਦਾ 25 ਹਜ਼ਾਰ ਰੁਪਏ ਦਾ ਚਲਾਨ ਅਤੇ 3 ਸਾਲ ਦੀ ਕੈਦ ਦੀ ਵਿਵਸਥਾ ਹੈ। ਬਾਵਜੂਦ ਇਸ ਦੇ ਸ਼ਹਿਰ ’ਚ ਅੰਡਰਏਜ ਡਰਾਈਵਿੰਗ ਜਾਰੀ ਹੈ।
ਏ. ਡੀ. ਜੀ. ਪੀ. ਦੇ ਹੁਕਮਾਂ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਜ਼ੋਰਾਂ ਸ਼ੋਰਾਂ ਨਾਲ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ। ਬੱਚਿਆਂ ਨੂੰ ਸਮਝਾਇਆ ਗਿਆ ਕਿ ਅੰਡਰਏਜ ਡਰਾਈਵਿੰਗ ਤੋਂ ਪਰਹੇਜ ਕਰਨ। ਹਾਲਾਂਕਿ ਇਸ ਚਿਤਾਵਨੀ ਦੇ ਨਤੀਜੇ ਵੀ ਸਾਹਮਣੇ ਆਏ। ਜਿਥੇ ਕਈ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਾਹਨ ਦੇਣ ਤੋਂ ਮਨ੍ਹਾ ਕਰ ਦਿੱਤਾ, ਜਦੋਂਕਿ ਨਾਬਾਲਗਾਂ ਨੇ ਧੜ੍ਹਾਧੜ ਬਿਨਾਂ ਗੇਅਰ ਵਾਲੇ ਮੋਟਰਸਾਈਕਲ ਦੇ ਲਰਨਿੰਗ ਲਾਇਸੈਂਸ ਵੀ ਬਣਵਾਏ ਪਰ ਕਾਨੂੰਨਨ ਬਿਨਾਂ ਗੇਅਰ ਵਾਲੇ ਮੋਟਰਸਾਈਕਲ ਦੇ ਲਾਇਸੈਂਸ ’ਤੇ 50 ਸੀ. ਸੀ. ਤੋਂ ਵੱਧ ਸਮਰੱਥਾ ਵਾਲਾ ਵਾਹਨ ਨਹੀਂ ਚਲਾਇਆ ਜਾ ਸਕਦਾ, ਜਦੋਂਕਿ ਬਾਜ਼ਾਰ ’ਚ ਅਜਿਹੇ ਵਾਹਨ ਉਪਲਬਧ ਹੀ ਨਹੀਂ ਹੈ। ਇਸ ਗੱਲ ਨੂੰ ਲੈ ਕੇ ਨਾਕਿਆਂ ’ਤੇ ਬੱਚਿਆਂ ਦੀ ਟ੍ਰੈਫਿਕ ਪੁਲਸ ਦੇ ਨਾਲ ਬਹਿਸਬਾਜ਼ੀ ਵੀ ਹੋਈ।