ਹੱਤਿਆਰੇ ਨੌਕਰ ਨੂੰ ਉਮਰ ਕੈਦ ਦੀ ਸਜ਼ਾ ਤੇ 50 ਹਜ਼ਾਰ ਜੁਰਮਾਨਾ
Wednesday, Jul 19, 2017 - 01:20 AM (IST)
ਹੁਸ਼ਿਆਰਪੁਰ, (ਅਮਰਿੰਦਰ)- ਆਪਣੇ ਹੀ ਮਾਲਕ ਦੀ ਹੱਤਿਆ ਕਰਨ ਦੇ ਦੋਸ਼ੀ ਨੌਕਰ ਮੰਗਲ ਉਰਫ ਡੇਵਿਡ ਜ਼ਿਲਾ ਬਿਹਾਰ ਨੂੰ ਜ਼ਿਲਾ ਸੈਸ਼ਨ ਜੱਜ ਸੁਨੀਲ ਕੁਮਾਰ ਅਰੋੜਾ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਤੇ 50 ਹਜ਼ਾਰ ਰੁਪਏ ਨਕਦ ਜੁਰਮਾਨਾ ਰਾਸ਼ੀ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਦੋਸ਼ੀ ਮੰਗਲ ਉਰਫ਼ ਡੇਵਿਡ ਨੂੰ 1 ਸਾਲ ਦੀ ਕੈਦ ਹੋਰ ਕੱਟਣੀ ਹੋਵੇਗੀ।
ਕੀ ਹੈ ਮਾਮਲਾ : ਥਾਣਾ ਚੱਬੇਵਾਲ 'ਚ 28 ਅਪ੍ਰੈਲ 2015 ਨੂੰ ਦਰਜ ਸ਼ਿਕਾਇਤ 'ਚ ਮ੍ਰਿਤਕ ਸੁਖਦੇਵ ਸਿੰਘ ਵਾਸੀ ਪਿੰਡ ਟੂਟੋਮਜ਼ਾਰਾ ਦੇ ਭਰਾ ਬਲਦੇਵ ਸਿੰਘ ਪੁੱਤਰ ਬਖਸ਼ੀਸ਼ ਸਿੰਘ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਆਪਣੇ ਭਰਾ ਸੁਖਦੇਵ ਸਿੰਘ ਨਾਲ ਪਿੰਡ 'ਚ ਹੀ ਖੇਤੀਬਾੜੀ ਕਰਦਾ ਹੈ। ਉਸ ਨੇ 1 ਮਹੀਨੇ ਪਹਿਲਾਂ ਹੀ ਕਣਕ ਦੀ ਕਟਾਈ ਦੌਰਾਨ ਬਿਹਾਰ ਦੇ ਰਹਿਣ ਵਾਲੇ ਮੰਗਲ ਨੂੰ ਨੌਕਰ ਦੇ ਤੌਰ 'ਤੇ ਰੱਖਿਆ ਸੀ। 27 ਅਪ੍ਰੈਲ ਦੀ ਰਾਤ ਨੂੰ 1 ਵਜੇ ਮੰਗਲ ਨੇ ਦੱਸਿਆ ਕਿ ਉਹ ਆਪਣੇ ਪਿੰਡ ਬਿਹਾਰ ਜਾਣਾ ਚਾਹੁੰਦਾ ਹੈ, ਮੈਨੂੰ ਹੁਣੇ ਪੈਸੇ ਦੇਵੋ। ਪਰਿਵਾਰ ਦੇ ਸਾਰੇ ਲੋਕਾਂ ਨੇ ਉਸ ਨੂੰ ਸਮਝਾਇਆ ਕਿ ਰਾਤ ਨੂੰ ਕੰਮ ਖ਼ਤਮ ਕਰ ਲਵੇ। ਸਵੇਰੇ ਹੁੰਦੇ ਹੀ ਪੈਸੇ ਮਿਲ ਜਾਣਗੇ। ਇਹ ਸੁਣਦੇ ਹੀ ਮੰਗਲ ਗੁੱਸੇ 'ਚ ਆ ਗਿਆ। ਮੰਗਲ ਨੂੰ ਸਮਝਾਉਣ ਤੋਂ ਬਾਅਦ ਪਰਿਵਾਰ ਦੇ ਸਾਰੇ ਲੋਕ ਸੌਣ ਲਈ ਚਲੇ ਗਏ। ਸਵੇਰੇ ਜਦੋਂ ਸੁਖਦੇਵ ਸਿੰਘ ਚਾਹ ਲੈਣ ਗਿਆ ਤਾਂ ਦੇਖਿਆ ਕਿ ਉਸ ਦੇ ਭਰਾ ਸੁਖਦੇਵ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਬਿਸਤਰ 'ਤੇ ਪਈ ਹੈ। ਪਤਾ ਲੱਗਾ ਕਿ ਨੌਕਰ ਮੰਗਲ ਘਰ ਤੋਂ ਗਾਇਬ ਹੈ।
ਬਿਹਾਰ ਤੋਂ ਪੁਲਸ ਨੇ ਕੀਤਾ ਨੌਕਰ ਮੰਗਲ ਨੂੰ ਕਾਬੂ : ਚੱਬੇਵਾਲ ਪੁਲਸ ਨੇ ਬਲਦੇਵ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਹੱਤਿਆ ਦੇ ਦੋਸ਼ੀ ਨੌਕਰ ਮੰਗਲ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦੋਸ਼ੀ ਨੌਕਰ ਮੰਗਲ ਨੂੰ ਬਿਹਾਰ ਤੋਂ ਗ੍ਰਿਫਤਾਰ ਕਰ ਕੇ ਹੁਸ਼ਿਆਰਪੁਰ ਲੈ ਆਈ। ਪੁੱਛਗਿੱਛ 'ਚ ਦੋਸ਼ੀ ਮੰਗਲ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਗੌਰਤਲਬ ਹੈ ਕਿ ਹੱਤਿਆ ਦਾ ਦੋਸ਼ੀ ਨੌਕਰ ਮੰਗਲ ਸਾਲ 2013 'ਚ ਵੀ ਟੂਟੋਮਜ਼ਾਰਾ 'ਚ ਇਸੇ ਪਰਿਵਾਰ 'ਚ 1 ਸਾਲ ਤੋਂ ਨੌਕਰੀ ਕਰਦਾ ਸੀ।
