Year Ender 2025: ਪੰਜਾਬ 'ਚ 50 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ, DGP ਗੌਰਵ ਯਾਦਵ ਦੇ ਹੈਰਾਨ ਕਰਦੇ ਖ਼ੁਲਾਸੇ
Wednesday, Dec 24, 2025 - 11:25 AM (IST)
ਜਲੰਧਰ/ਚੰਡੀਗੜ੍ਹ (ਧਵਨ)–ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਲ 2025 ’ਚ ਪੰਜਾਬ ਪੁਲਸ ਨੇ ਸੂਬੇ ’ਚ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ’ਚ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਅੱਤਵਾਦ, ਅਪਰਾਧ ਕੰਟਰੋਲ ਅਤੇ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਮੋਰਚੇ ’ਤੇ ਇਤਿਹਾਸਕ ਪ੍ਰਾਪਤੀਆਂ ਹਾਸਲ ਕੀਤੀਆਂ। ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਆਈ. ਐੱਸ. ਆਈ. ਵੱਲੋਂ ਸਪਾਂਸਰਡ ਅੱਤਵਾਦੀ ਮਾਡਿਊਲਜ਼ ਖ਼ਿਲਾਫ਼ ਸਰਗਰਮ ਕਾਰਵਾਈ ਕਰਦੇ ਹੋਏ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਸਾਰੇ ਯਤਨਾਂ ਨੂੰ ਨਾਕਾਮ ਕੀਤਾ ਗਿਆ। ਇਸ ਦੌਰਾਨ 12 ਅੱਤਵਾਦੀ ਘਟਨਾਵਾਂ ਦਾ ਖ਼ੁਲਾਸਾ ਕੀਤਾ ਗਿਆ ਅਤੇ 50 ਮਾਡਿਊਲ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚ ਵੱਖ-ਵੱਖ ਸਥਾਨਾਂ ’ਤੇ ਹੋਏ ਹੈਂਡ ਗ੍ਰੇਨੇਡ ਹਮਲੇ ਅਤੇ ਇਕ ਪੁਲਸ ਥਾਣੇ ’ਤੇ ਆਰ. ਪੀ. ਜੀ. ਹਮਲਾ ਸ਼ਾਮਲ ਹੈ।
ਇਹ ਵੀ ਪੜ੍ਹੋ: ਦਹਿਸ਼ਤ ਫੈਲਾਉਣ ਦੀ ਬਜਾਏ ਦੇਸ਼ ਵਿਰੋਧੀ ਅਨਸਰਾਂ ਵਿਰੁੱਧ ਪੰਜਾਬ ਨਾਲ ਖੜ੍ਹੇ ਭਾਜਪਾ : ਅਮਨ ਅਰੋੜਾ
ਇਸ ਤੋਂ ਇਲਾਵਾ ਪੰਜਾਬ ਪੁਲਸ ਨੇ 7 ਹੋਰ ਅੱਤਵਾਦੀ ਮਾਡਿਊਲ ਵੀ ਤਬਾਹ ਕੀਤੇ। ਅੱਤਵਾਦ ਖ਼ਿਲਾਫ਼ ਕਾਰਵਾਈ ਦਾ ਵੇਰਵਾ ਸਾਂਝਾ ਕਰਦੇ ਹੋਏ ਡੀ. ਜੀ. ਪੀ. ਨੇ ਦੱਸਿਆ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ ਸਾਲ 2025 ’ਚ ਕੁੱਲ੍ਹ 19 ਮਾਡਿਊਲਜ਼ ਦਾ ਪਰਦਾਫਾਸ਼ ਕਰਦੇ ਹੋਏ 131 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕਬਜ਼ੇ ’ਚੋਂ 9 ਰਾਈਫ਼ਲਾਂ, 188 ਰਿਵਾਲਵਰ/ਪਿਸਤੌਲਾਂ, 12 ਆਈ. ਈ. ਡੀ., 11.62 ਕਿੱਲੋ ਆਰ. ਡੀ. ਐਕਸ., 54 ਹੈਂਡ ਗ੍ਰੇਨੇਡ, 32 ਡੈਟੋਨੇਟਰ, 4 ਰਾਕੇਟ ਪ੍ਰੋਪੈਲਡ ਗ੍ਰੇਨੇਡ, ਇਕ ਡਿਸਪੋਜ਼ਡ ਰਾਕੇਟ ਲਾਂਚਰ ਸਲੀਵ, 2 ਟਾਈਮਰ ਸਵਿੱਚ, 3 ਵਾਕੀ-ਟਾਕੀ ਸੈੱਟ ਅਤੇ 8 ਰਿਮੋਟ ਕੰਟਰੋਲ ਡਿਵਾਈਸ ਬਰਾਮਦ ਕੀਤੇ ਗਏ।

ਸੂਬੇ ਵਿਚ 1 ਮਾਰਚ 2025 ਨੂੰ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੰਜਾਬ ਪੁਲਸ ਨੇ ਨਸ਼ਿਆਂ ਵਿਰੁੱਧ ਫੈਸਲਾਕੁੰਨ ਲੜਾਈ ਲੜੀ। ਇਸ ਮੁਹਿੰਮ ਤਹਿਤ 29,784 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ ਅਤੇ 39,867 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸ ਦੇ ਨਤੀਜੇ ਵਜੋਂ ਇਕੋ ਸਾਲ ਵਿਚ ਹੁਣ ਤਕ ਦੀ ਸਭ ਤੋਂ ਵੱਧ 2,021 ਕਿਲੋਗ੍ਰਾਮ ਹੈਰੋਇਨ ਦੀ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ 26 ਕਿਲੋਗ੍ਰਾਮ ਆਈ. ਸੀ. ਈ, 698 ਕਿਲੋਗ੍ਰਾਮ ਅਫ਼ੀਮ, 35,000 ਕਿਲੋਗ੍ਰਾਮ ਭੁੱਕੀ, 55.78 ਲੱਖ ਨਸ਼ੇ ਵਾਲੇ ਪਦਾਰਥਾਂ ਦੀਆਂ ਗੋਲ਼ੀਆਂ/ਕੈਪਸੂਲ ਅਤੇ 16.81 ਕਰੋੜ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਡੀ. ਜੀ. ਪੀ. ਨੇ ਕਿਹਾ ਕਿ ਵਿਗਿਆਨਕ ਅਤੇ ਪੇਸ਼ੇਵਰ ਜਾਂਚਾਂ ਕਾਰਨ ਐੱਨ. ਡੀ. ਪੀ. ਐੱਸ. ਮਾਮਲਿਆਂ ਵਿਚ 88 ਫ਼ੀਸਦੀ ਸਜ਼ਾ ਦਰ ਹਾਸਲ ਕੀਤੀ ਗਈ, ਜੋ ਕਿ ਦੇਸ਼ ਵਿਚ ਸਭ ਤੋਂ ਵੱਧ ਹੈ। 2025 ਵਿਚ ਨਿਪਟਾਏ ਗਏ 6,728 ਮਾਮਲਿਆਂ ਵਿਚੋਂ 5,901 ਵਿਚ ਸਜ਼ਾ ਹੋਈ। ਦੇਸ਼ ਵਿਚ ਜ਼ਬਤ ਕੀਤੀ ਗਈ ਹੈਰੋਇਨ ਦਾ ਲਗਭਗ ਦੋ ਤਿਹਾਈ ਹਿੱਸਾ ਪੰਜਾਬ ਤੋਂ ਬਰਾਮਦ ਹੋਇਆ। ਇਸੇ ਤਰ੍ਹਾਂ ਕੌਮੀ ਪੱਧਰ ’ਤੇ ਐੱਨ. ਡੀ. ਪੀ. ਐੱਸ. ਗ੍ਰਿਫਤਾਰੀਆਂ ਵਿਚ ਪੰਜਾਬ ਦੀ ਹਿੱਸੇਦਾਰੀ 25 ਫ਼ੀਸਦੀ ਰਹੀ ਅਤੇ ਕੁਲ ਮਾਮਲਿਆਂ ਵਿਚ ਲਗਭਗ 20 ਫ਼ੀਸਦੀ ਮਾਮਲੇ ਸੂਬੇ ਵਿਚ ਦਰਜ ਕੀਤੇ ਗਏ।

ਗੈਂਗਸਟਰਾਂ ਖ਼ਿਲਾਫ਼ ਕਾਰਵਾਈ
ਡੀ. ਜੀ. ਪੀ. ਨੇ ਦੱਸਿਆ ਕਿ ਸਾਲ 2025 ’ਚ ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਫੀਲਡ ਯੂਨਿਟਸ ਨੇ 416 ਗੈਂਗਸਟਰਾਂ/ਅਪਰਾਧੀ ਮਾਡਿਊਲਜ਼ ਦਾ ਪਰਦਾਫ਼ਾਸ਼ ਕਰਦੇ ਹੋਏ 992 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ ’ਚੋਂ 620 ਹਥਿਆਰ ਅਤੇ 252 ਵਾਹਨ ਬਰਾਮਦ ਕੀਤੇ ਗਏ।
ਵਿਦੇਸ਼ਾਂ ਵਿਚ ਬੈਠੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ’ਚ ਰੈੱਡ ਨੋਟਿਸ ਤੇ ਬਲਿਊ ਨੋਟਿਸ ਜਾਰੀ ਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਸਾਲ 11 ਰੈੱਡ ਨੋਟਿਸ ਤੇ 2 ਬਲਿਊ ਨੋਟਿਸ ਜਾਰੀ ਕੀਤੇ ਗਏ। ਬਦਨਾਮ ਅਪਰਾਧੀ ਅਨਮੋਲ ਬਿਸ਼ਨੋਈ ਦੀ ਜਿਓ- ਲੋਕੇਸ਼ਨ ਕਰ ਕੇ ਉਸ ਨੂੰ ਡਿਪੋਰਟ ਕਰਵਾਇਆ ਗਿਆ। ਇਸੇ ਤਰ੍ਹਾਂ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਪਰਮਿੰਦਰ ਸਿੰਘ ਨੂੰ ਵੀ 2025 ’ਚ ਭਾਰਤ ਲਿਆਂਦਾ ਗਿਆ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਹੋਏ ਨਗਰ ਕਰੀਤਨ ਦੇ ਵਿਰੋਧ ਕਰਨ 'ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਡੀ. ਜੀ. ਪੀ. ਨੇ ਦੱਸਿਆ ਕਿ ਸਾਲ 2025 ’ਚ 2024 ਦੇ ਮੁਕਾਬਲੇ ਪ੍ਰਮੁੱਖ ਅਪਰਾਧਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ।
ਕਤਲ : 8.7 ਫ਼ੀਸਦੀ ਦੀ ਕਮੀ (745 ਤੋਂ 680), ਅਗਵਾ : 10.6 ਫ਼ੀਸਦੀ ਦੀ ਕਮੀ (1770 ਤੋਂ 1583), ਸਨੈਚਿੰਗ : 19.6 ਫ਼ੀਸਦੀ ਦੀ ਕਮੀ (2321 ਤੋਂ 1866), ਚੋਰੀ : 34.3 ਫ਼ੀਸਦੀ ਦੀ ਕਮੀ (6714 ਤੋਂ 4410), ਡਾਇਲ-112 ਈ. ਆਰ. ਐੱਸ. ਐੱਸ. ਦੀ ਅਪਗ੍ਰੇਡੇਸ਼ਨ ਲਈ ਵਿੱਤੀ ਸਾਲ 2025-26 ਵਿਚ 25 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਹੁਣ ਤਕ 46.14 ਲੱਖ ਕਾਲਸ ਨੂੰ ਸੰਭਾਲਿਆ ਗਿਆ ਹੈ ਅਤੇ ਔਸਤ ਪ੍ਰਕਿਰਿਆ ਸਮਾਂ 25 ਮਿੰਟ ਤੋਂ ਘਟ ਕੇ 11 ਮਿੰਟ ਤੋਂ ਘੱਟ ਹੋ ਗਿਆ ਹੈ। ਸਾਈਬਰ ਅਪਰਾਧਾਂ ਦੇ ਮਾਮਲਿਆਂ ਵਿਚ 418.29 ਕਰੋੜ ਰੁਪਏ ਦੀ ਠੱਗੀ ਵਿਚੋਂ 79.96 ਕਰੋੜ ਰੁਪਏ ਦੀ ਰਕਮ ’ਤੇ ਲੀਅਨ ਮਾਰਕ ਕੀਤਾ ਗਿਆ, ਜੋ 19 ਫੀਸਦੀ ਤੋਂ ਵੱਧ ਹੈ ਅਤੇ ਦੇਸ਼ ਵਿਚ ਚੌਥਾ ਸਰਵਉੱਚ ਸਥਾਨ ਹੈ।
ਸੰਗਠਿਤ ਅਪਰਾਧ ਖ਼ਿਲਾਫ਼ ਕਾਰਵਾਈ
ਮਾਡਿਊਲਾਂ ਦਾ ਪਰਦਾਫਾਸ਼ : 416
ਗੈਂਗਸਟਰ ਗ੍ਰਿਫ਼ਤਾਰ : 992
ਹਥਿਆਰ ਬਰਾਮਦ : 620
ਵਾਹਨ ਬਰਾਮਦ : 252
ਰੈੱਡ ਨੋਟਿਸ : 11
ਬਲਿਊ ਨੋਟਿਸ : 2
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਅਹਿਮ ਕਦਮ! ਇਨ੍ਹਾਂ ਸਕੂਲਾਂ 'ਚ ਸ਼ੁਰੂ ਕੀਤਾ ਪਾਇਲਟ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
