ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਵੇਗਾ ਭਾਰੀ ਜੁਰਮਾਨਾ
Saturday, Dec 20, 2025 - 05:46 PM (IST)
ਦੌਰਾਂਗਲਾ(ਨੰਦਾ)– ਟ੍ਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਵਾਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਮੋਡੀਫਾਈ ਕਰਵਾਉਣ ਵਾਲਿਆਂ ਖ਼ਿਲਾਫ਼ ਪੁਲਸ ਵੱਲੋਂ ਸਖ਼ਤੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬੇ ਭਰ ਦੇ ਪੁਲਸ ਅਧਿਕਾਰੀਆਂ ਨੂੰ ਅਜਿਹੇ ਵਾਹਨਾਂ ‘ਤੇ ਕੜੀ ਨਿਗਰਾਨੀ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਅੱਜ- ਕੱਲ੍ਹ ਲੋਕਾਂ ਵਿੱਚ ਬਾਈਕ ਅਤੇ ਕਾਰਾਂ ਨੂੰ ਮੋਡੀਫਾਈ ਕਰਵਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਈ ਲੋਕ ਕੰਪਨੀ ਤੋਂ ਨਵਾਂ ਵਾਹਨ ਖਰੀਦਣ ਮਗਰੋਂ ਬਾਜ਼ਾਰ ਵਿੱਚੋਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਵਾ ਲੈਂਦੇ ਹਨ ਕਿ ਵਾਹਨ ਦੀ ਅਸਲੀ ਬਣਾਵਟ ਹੀ ਬਦਲ ਜਾਂਦੀ ਹੈ। ਹਾਲਾਂਕਿ ਮੋਡੀਫਿਕੇਸ਼ਨ ਨਾਲ ਵਾਹਨ ਨੂੰ ਆਕਰਸ਼ਕ ਦਿੱਖ ਮਿਲਦੀ ਹੈ, ਪਰ ਬਹੁਤੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਭਾਰਤ ਵਿੱਚ ਵਾਹਨਾਂ ਦੀ ਮੋਡੀਫਿਕੇਸ਼ਨ ਲਈ ਸਖ਼ਤ ਨਿਯਮ ਬਣੇ ਹੋਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ 20, 21, 22 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਮੌਸਮ ਵਿਭਾਗ ਦੀ ਵੱਡੀ ਅਪਡੇਟ
ਥਾਣਾ ਦੌਰਾਂਗਲਾ ਦੇ ਐੱਸਐੱਚਓ ਬਨਾਰਸੀ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਨਾਂ ਮਨਜ਼ੂਰੀ ਵਾਹਨ ਨੂੰ ਮੋਡੀਫਾਈ ਕਰਨਾ ਗੈਰ-ਕਾਨੂੰਨੀ ਹੈ। ਵਾਹਨ ਦੀ ਬਾਡੀ, ਸਾਈਲੈਂਸਰ, ਟਾਇਰਾਂ ਜਾਂ ਹੋਰ ਤਕਨੀਕੀ ਹਿੱਸਿਆਂ ਵਿੱਚ ਤਬਦੀਲੀ ਕਰਨ ਨਾਲ ਵਾਹਨ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਸਕਦੀ ਹੈ, ਜੋ ਡਰਾਈਵਰ ਅਤੇ ਸੜਕ ‘ਤੇ ਮੌਜੂਦ ਹੋਰ ਲੋਕਾਂ ਲਈ ਖ਼ਤਰਾ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਵਾਹਨ ਦਾ ਚਲਾਨ ਕੱਟਿਆ ਜਾ ਸਕਦਾ ਹੈ ਜਾਂ ਵਾਹਨ ਜ਼ਬਤ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਉਨ੍ਹਾਂ ਦੱਸਿਆ ਕਿ ਕਈ ਲੋਕ ਫੈਂਸੀ ਨੰਬਰ ਪਲੇਟਾਂ ਲਗਵਾ ਲੈਂਦੇ ਹਨ, ਜੋ ਟ੍ਰੈਫਿਕ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਟ੍ਰੈਫਿਕ ਪੁਲਿਸ ਅਜਿਹੇ ਵਾਹਨਾਂ ਨੂੰ ਤੁਰੰਤ ਰੋਕ ਕੇ ਕਾਰਵਾਈ ਕਰਦੀ ਹੈ। ਇਸ ਤੋਂ ਇਲਾਵਾ ਕਾਰਾਂ ‘ਚ ਗੂੜ੍ਹੀ ਰੰਗੀਨ ਫਿਲਮ ਲਗਾਉਣਾ ਵੀ ਕਾਨੂੰਨਨ ਅਪਰਾਧ ਹੈ। ਨਿਯਮਾਂ ਮੁਤਾਬਕ ਅੱਗੇ ਅਤੇ ਪਿੱਛੇ ਦੇ ਸ਼ੀਸ਼ਿਆਂ ਲਈ ਘੱਟੋ-ਘੱਟ 70 ਫੀਸਦੀ ਅਤੇ ਸਾਈਡ ਸ਼ੀਸ਼ਿਆਂ ਲਈ 50 ਫੀਸਦੀ ਦ੍ਰਿਸ਼ਟਤਾ ਲਾਜ਼ਮੀ ਹੈ। ਐੱਸਐੱਚਓ ਨੇ ਹੋਰ ਦੱਸਿਆ ਕਿ ਵਾਹਨਾਂ ‘ਚ ਵਾਧੂ ਲਾਈਟਾਂ ਲਗਾਉਣਾ, ਫ੍ਰੀ-ਫਲੋ ਐਗਜ਼ੌਸਟ ਫਿਟ ਕਰਨਾ, ਚੌੜੇ ਟਾਇਰ ਲਗਵਾਉਣਾ ਜਾਂ ਕੰਪਨੀ ਵੱਲੋਂ ਦਿੱਤੇ ਸਾਈਲੈਂਸਰ ਦੀ ਥਾਂ ਹੋਰ ਸਾਈਲੈਂਸਰ ਲਗਾਉਣਾ ਵੀ ਗੈਰ-ਕਾਨੂੰਨੀ ਹੈ। ਅਜਿਹੇ ਵਾਹਨਾਂ ਵਿੱਚੋਂ ਆਉਂਦੀ ਉੱਚੀ ਅਤੇ ਅਸਧਾਰਣ ਆਵਾਜ਼ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜੀਬੋ-ਗਰੀਬ ਜਾਂ ਉੱਚੀ ਆਵਾਜ਼ ਵਾਲੇ ਹਾਰਨ ਦੀ ਵਰਤੋਂ ਵੀ ਕਾਨੂੰਨਨ ਮਨਾਹੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਗੈਰ-ਕਾਨੂੰਨੀ ਮੋਡੀਫਿਕੇਸ਼ਨ ਤੋਂ ਬਚਣ, ਤਾਂ ਜੋ ਸੜਕਾਂ ‘ਤੇ ਹਾਦਸਿਆਂ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
