ਪੈਟਰੋਲ ਪੰਪ ’ਤੇ ਡੀਜ਼ਲ ਪਵਾ ਕੇ ਕਰਿੰਦੇ ਤੋਂ 10 ਹਜ਼ਾਰ ਖੋਹ ਕੇ ਕਾਰ ਸਵਾਰ ਫ਼ਰਾਰ
Friday, Dec 26, 2025 - 11:54 AM (IST)
ਬੁਢਲਾਡਾ (ਬਾਂਸਲ) : ਸਥਾਨਕ ਪਿੰਡ ਦਾਤੇਵਾਸ ’ਚ ਇਕ ਕਾਰ ’ਚ ਸਵਾਰ ਦੋ ਵਿਅਕਤੀਆਂ ਨੇ ਆਪਣੀ ਕਾਰ ’ਚ ਡੀਜ਼ਲ ਪਵਾਇਆ ਅਤੇ ਫਿਰ ਪੈਟਰੋਲ ਪੰਪ ’ਤੇ ਕਰਮਚਾਰੀ ਤੋਂ 10,000 ਰੁਪਏ ਖੋਹ ਲਏ ਅਤੇ ਭੱਜ ਗਏ। ਸਦਰ ਥਾਣਾ ਬੁਢਲਾਡਾ ਦੀ ਪੁਲਸ ਨੇ ਦੋਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਸ ਜਾਂਚ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਕਈ ਥਾਵਾਂ ’ਤੇ ਇਸ ਤਰ੍ਹਾਂ ਦੇ ਅਪਰਾਧ ਕੀਤੇ ਹਨ। ਦਾਤੇਵਾਸ ਪਿੰਡ ਦੇ ਪੈਟਰੋਲ ਪੰਪ ਦੇ ਮਾਲਕ ਜੰਗੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕੁੱਝ ਵਿਅਕਤੀ ਕਾਰ 'ਚ ਸਵਾਰ ਸਨ ਅਤੇ ਉਨ੍ਹਾਂ ਨੇ ਆਪਣੀਆਂ ਕਾਰਾਂ ਅਤੇ ਗੱਡੀਆਂ ਲਈ 11,825 ਰੁਪਏ ਦਾ ਡੀਜ਼ਲ ਭਰਵਾਇਆ।
ਬਾਅਦ ਵਿਚ ਪੈਸੇ ਦੇਣ ਦਾ ਬਹਾਨਾ ਬਣਾ ਕੇ ਉਨ੍ਹਾਂ ਨੇ ਕਰਮਚਾਰੀ ਤੋਂ 10,000 ਰੁਪਏ ਖੋਹ ਲਏ ਅਤੇ ਭੱਜ ਗਏ। ਉਸਨੇ ਪੁਲਸ ਨੂੰ ਕਾਰ ਨੰਬਰ ਅਤੇ ਵਿਅਕਤੀਆਂ ਦੀ ਪਛਾਣ ਦੱਸੀ, ਜਿਸ ਤੋਂ ਬਾਅਦ ਸਦਰ ਥਾਣਾ ਬੁਢਲਾਡਾ ਦੀ ਪੁਲਸ ਨੇ ਕਾਰ ਚਾਲਕ ਪਵਿੱਤਰ ਸਿੰਘ, ਵਾਸੀ ਸੰਗਤਪੁਰਾ (ਸੰਗਰੂਰ) ਅਤੇ ਮਨਪ੍ਰੀਤ ਸਿੰਘ, ਵਾਸੀ ਜੱਸਰਵਾਲ (ਮਾਨਸਾ) ਵਿਰੁੱਧ ਮਾਮਲਾ ਦਰਜ ਕਰ ਲਿਆ ਹੈ, ਜੋ ਪੈਸੇ ਖੋਹ ਕੇ ਭੱਜ ਗਏ ਸਨ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਅਪਰਾਧ ਕਰਦੇ ਹਨ।
