4 ਲੱਖ ਦੀ ਫਿਰੌਤੀ ਲਈ ਨਾਬਾਲਗ ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਨੌਕਰ ਨੂੰ ਉਮਰ ਕੈਦ
Wednesday, Dec 17, 2025 - 09:05 AM (IST)
ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਬਰਿੰਦਰ ਸਿੰਘ ਰੁਮਾਣਾ ਦੀ ਅਦਾਲਤ ਨੇ ਫਿਰੌਤੀ ਲਈ ਨਾਬਾਲਗ ਬੱਚੇ ਨੂੰ ਅਗਵਾ ਕਰਨ ਦੇ ਦੋਸ਼ੀ ਨੌਕਰ ਆਕਾਸ਼ ਕੁਮਾਰ ਉਰਫ ਵਿਜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੂੰ ਚੋਰੀ ਦਾ ਦੋਸ਼ੀ ਵੀ ਪਾਇਆ ਗਿਆ। ਮੁਲਜ਼ਮ ਲੁਧਿਆਣਾ ਦੇ ਪਿੰਡ ਰੌਦ ਦੇ ਪਰਮਜੀਤ ਸਿੰਘ ਦੇ ਘਰ ਨੌਕਰ ਵਜੋਂ ਕੰਮ ਕਰਦਾ ਸੀ। ਮੁਲਜ਼ਮ ਵਿਰੁੱਧ 30 ਜੁਲਾਈ, 2021 ਨੂੰ ਆਈ. ਪੀ. ਸੀ. ਦੀ ਧਾਰਾ 364-ਏ ਅਤੇ 381 ਤਹਿਤ ਇਕ ਕੇਸ ਪੁਲਸ ਸਟੇਸ਼ਨ ਮੇਹਰਬਾਨ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੌਂਕੀ ਗਿਆਸਪੁਰਾ ਦੇ ਇਲਾਕੇ ’ਚ ਰੰਗਦਾਰੀ ਗਿਰੋਹ ਦੀ ਦਹਿਸ਼ਤ, ਪੁਲਸ ਲਾਚਾਰ
ਇਲਜ਼ਾਮਾਤ ਧਿਰ ਮੁਤਾਬਕ ਸ਼ਿਕਾਇਤਕਰਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਚਾਰ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਨੇ 18 ਜੁਲਾਈ 2021 ਨੂੰ ਆਕਾਸ਼ ਕੁਮਾਰ ਉਰਫ ਵਿਜੇ ਨੂੰ ਆਪਣੇ ਘਰ ’ਚ ਪਸ਼ੂਆਂ ਦੀ ਦੇਖਭਾਲ ਲਈ ਕੰਮ ’ਤੇ ਰੱਖਿਆ ਸੀ ਅਤੇ ਉਸ ਨੂੰ ਕੰਪਲੈਕਸ ’ਚ ਇਕ ਸ਼ੈੱਡ ’ਚ ਰਹਿਣ ਦੀ ਜਗ੍ਹਾ ਵੀ ਦਿੱਤੀ ਸੀ। ਸ਼ਿਕਾਇਤਕਰਤਾ ਦੀਆਂ 2 ਨਾਬਾਲਗ ਬੇਟੀਆਂ ਅਤੇ ਇਕ 6 ਸਾਲ ਦਾ ਬੇਟਾ (ਨਾਬਾਲਗ) ਹੈ, ਜੋ ਬੀਮਾਰੀ ਕਾਰਨ ਘਰ ਵਿਚ ਰਹਿੰਦਾ ਸੀ। 29 ਜੁਲਾਈ 2021 ਨੂੰ ਸ਼ਾਮ ਕਰੀਬ 6 ਵਜੇ ਸ਼ਿਕਾਇਤਕਰਤਾ ਆਪਣੀ ਪਤਨੀ ਅਤੇ ਬੱਚਿਆਂ ਨਾਲ ਘਰ ਵਿਖੇ ਮੌਜੂਦ ਸੀ, ਜਦੋਂ ਉਸ ਦਾ ਬੇਟਾ ਬਰਾਂਡੇ ’ਚ ਖੇਡ ਰਿਹਾ ਸੀ।
ਸ਼ਾਮ ਕਰੀਬ 6.30 ਵਜੇ ਫਤਹਿ ਸਿੰਘ ਉਰਫ ਫੱਤਾ ਨੇ ਉਸ ਨੂੰ ਦੱਸਿਆ ਕਿ ਉਸ ਦਾ ਨੌਕਰ ਆਕਾਸ਼ ਕੁਮਾਰ ਉਰਫ ਵਿਜੇ ਜ਼ਬਰਦਸਤੀ ਉਸ ਦੇ ਨਾਬਾਲਗ ਬੇਟੇ ਨੂੰ ਇਕ ਟੀ. ਵੀ. ਐੱਸ. ਸਕੂਟੀ ’ਤੇ ਪਿੰਡ ਰੌਦ ਤੋਂ ਮੰਗਲੀ ਵੱਲ ਲਿਜਾ ਰਿਹਾ ਹੈ ਅਤੇ ਬੱਚਾ ਰੋ ਰਿਹਾ ਸੀ। ਅਗਲੇ ਦਿਨ ਮੁਲਜ਼ਮ ਨੇ ਬੱਚੇ ਨੂੰ ਵਾਪਸ ਕਰਨ ਲਈ 4 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦਿਆਂ ਇਕ ਮੈਸੇਜ ਭੇਜਿਆ। ਪੀੜਤ ਧਿਰ ਨੇ ਕਿਹਾ ਕਿ ਮੁਲਜ਼ਮ ਨੇ ਕਿਡਨੈਪਿੰਗ ਨੂੰ ਅੰਜਾਮ ਦੇਣ ਲਈ ਸ਼ਿਕਾਇਤਕਰਤਾ ਦੀ ਸਕੂਟੀ ਵੀ ਚੋਰੀ ਕੀਤੀ ਸੀ।
ਇਹ ਵੀ ਪੜ੍ਹੋ : ਕਰਜ਼ ਦਾ ਖੌਫਨਾਕ ਚਿਹਰਾ, ਲੋਨ ਚੁਕਾਉਣ ਲਈ ਕਿਸਾਨ ਨੇ ਵੇਚ'ਤੀ ਕਿਡਨੀ
ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨੇ ਪਹਿਲਾਂ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਮੰਗ ਕੀਤੀ ਸੀ, ਜਿਸ ਨੂੰ ਮਨ੍ਹਾ ਕਰ ਦਿੱਤਾ ਗਿਆ ਸੀ, ਕਿਉਂਕਿ ਸੈਲਰੀ ਮਹੀਨੇ ਦੇ ਪੂਰਾ ਹੋਣ ਤੋਂ ਬਾਅਦ ਹੀ ਦਿੱਤੀ ਜਾਣੀ ਸੀ। ਗਵਾਹੀ ਵਜੋਂ ਪੇਸ਼ ਹੋਏ ਬੱਚੇ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਜ਼ਬਰਦਸਤੀ ਸਕੂਟਰ ’ਤੇ ਬਿਠਾਇਆ। 3 ਦਿਨਾਂ ਤੱਕ ਉਸ ਨੂੰ ਕੈਦ ਵਿਚ ਰੱਖਿਆ ਅਤੇ ਬਾਅਦ ਵਿਚ ਉਸ ਦੇ ਪਿਤਾ ਅਤੇ ਪੁਲਸ ਨੇ ਉਸ ਨੂੰ ਬਚਾਇਆ। ਸਬੂਤਾਂ ’ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਆਈ. ਪੀ. ਸੀ. ਦੀ ਧਾਰਾ 364-ਏ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਧਾਰਾ 381 ਆਈ. ਪੀ. ਸੀ. ਤਹਿਤ ਵੀ ਸਜ਼ਾ ਦਿੱਤੀ ਗਈ।
