ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

Tuesday, Dec 23, 2025 - 01:47 PM (IST)

ਹੁਣ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਦੇਣਾ ਲਾਜ਼ਮੀ, ਨਿਯਮ ਤੋੜਨ ’ਤੇ ਲੱਗੇਗਾ 13,500 ਰੁਪਏ ਜੁਰਮਾਨਾ

ਚੰਡੀਗੜ੍ਹ (ਮਨਪ੍ਰੀਤ) : ਹੁਣ ਹਰ ਘਰ ਤੇ ਵਪਾਰਕ ਅਦਾਰੇ ਲਈ ਕੂੜੇ ਦੀ ਛਾਂਟ ਕਰਕੇ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਗਿੱਲਾ-ਸੁੱਕਾ ਕੂੜਾ ਮਿਲਾ ਕੇ ਦੇਣ ’ਤੇ ਨਿਗਮ ਕੂੜਾ ਨਹੀਂ ਚੁੱਕੇਗਾ। ਇਨ੍ਹਾਂ ਹੀ ਨਹੀਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕੂੜਾ ਇਕੱਠਾ ਕਰਨ ਵਾਲੇ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ’ਤੇ 500 ਤੋਂ ਲੈ ਕੇ 13,500 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ।
ਕੂੜਾ ਵੱਖ ਨਾ ਕਰਨ ਵਾਲਿਆਂ ਦੀ ਵੇਰਵੇ ਰਜਿਸਟਰ ’ਚ ਕੀਤੇ ਜਾਣਗੇ ਦਰਜ
ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਚਾਲਕਾਂ ਨੂੰ ਵਿਸ਼ੇਸ਼ ਰਜਿਸਟਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਰਜਿਸਟਰ ’ਚ ਉਨ੍ਹਾਂ ਘਰਾਂ ਤੇ ਦੁਕਾਨਾਂ ਦੇ ਵੇਰਵੇ ਦਰਜ ਕੀਤੇ ਜਾਣਗੇ, ਜੋ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਨਹੀਂ ਕਰ ਰਹੇ। ਨਾਲ ਹੀ ਸੀਨੀਅਰ ਨਿਗਮ ਅਧਿਕਾਰੀ ਸ਼ਹਿਰ ’ਚ ਅਚਨਚੇਤ ਚੈਕਿੰਗ ਵੀ ਕਰਨਗੇ। ਕੋਈ ਮੁਲਾਜ਼ਮ ਨਿਯਮਾਂ ਦੀ ਉਲੰਘਣਾ ਕਰਦਾ ਮਿਲਿਆ ਜਾਂ ਕੂੜਾ ਚੁੱਕਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਤੰਗ ਕਰਨਾ ਮਕਸਦ ਨਹੀਂ : ਕਮਿਸ਼ਨਰ
ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਿਗਮ ਦਾ ਮਕਸਦ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਸ਼ਹਿਰ ਨੂੰ ਸਾਫ਼, ਸੁੰਦਰ ਤੇ ਸਿਹਤਮੰਦ ਬਣਾਉਣਾ ਹੈ। ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਚਲਾਨ ਕੱਟਣ ਦੀ ਪ੍ਰਕਿਰਿਆ ਵੀ ਸਖ਼ਤੀ ਨਾਲ ਅਪਣਾਈ ਜਾਵੇਗੀ। ਉਨ੍ਹਾਂ ਅਪੀਲ ਕੀਤੀ ਕਿ ਘਰਾਂ ਤੇ ਦਫ਼ਤਰਾਂ ’ਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ’ਚ ਪਾਉਣ ਤਾਂ ਜੋ ਸ਼ਹਿਰ ਨੂੰ ਹੋਰ ਸਾਫ਼, ਸੁੰਦਰ ਤੇ ਸਿਹਤਮੰਦ ਬਣਾਇਆ ਜਾ ਸਕੇ।


 


author

Babita

Content Editor

Related News