ਆਸਟ੍ਰੇਲੀਆ ਰਹਿੰਦੀ ਪਤਨੀ ''ਤੇ ਹਾਈਕੋਰਟ ਨੇ ਲਾਇਆ 10 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖ਼ਬਰ
Friday, Dec 26, 2025 - 01:17 PM (IST)
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਾਰਤੀ ਅਦਾਲਤ ਦੀ ਉਦਾਰਤਾ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਇਕ ਮਾਮਲੇ ਦੀ ਸੁਣਵਾਈ ਦੌਰਾਨ ਆਸਟ੍ਰੇਲੀਆ ਰਹਿ ਰਹੀ ਔਰਤ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਉਕਤ ਔਰਤ ਵਲੋਂ ਖ਼ੁਦ ਨੂੰ ਪਟਿਆਲਾ ਵਾਸੀ ਦੱਸਦੇ ਹੋਏ ਆਪਣੇ ਪਤੀ ਅਤੇ ਸਹੁਰਿਆਂ ਤੋਂ ਜਾਨ ਦਾ ਖ਼ਤਰਾ ਦੱਸ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਜਾਣਕਾਰੀ ਦਿੰਦੇ ਹੋਏ ਔਰਤ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਸਾਬਕਾ ਪਤੀ ਅਤੇ ਸਹੁਰਿਆਂ ਤੋਂ ਖ਼ਤਰਾ ਹੈ। ਅਦਾਲਤ ਨੇ ਸੁਣਵਾਈ ਦੌਰਾਨ ਪਾਇਆ ਗਿਆ ਪਟੀਸ਼ਨ ਕਰਤਾ ਐੱਨ. ਆਰ. ਆਈ. ਹੈ ਅਤੇ ਉਹ ਆਸਟ੍ਰੇਲੀਆ ਰਹਿ ਰਹੀ ਹੈ।
ਉਸ ਦਾ ਆਪਣੇ ਪਤੀ ਨਾਲ ਝਗੜਾ ਸੀ, ਜਿਸ ਤੋਂ ਬਾਅਦ ਉਸ ਨੇ ਤਲਾਕ ਲੈ ਲਿਆ। ਸਾਲ 2023 'ਚ ਪਟੀਸ਼ਨ ਕਰਤਾ ਔਰਤ ਦੇ ਪਿਤਾ ਨੇ ਤਲਾਕ ਤੋਂ ਇਕ ਹਫ਼ਤੇ ਬਾਅਦ ਉਸ ਦੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਗੰਭੀਰ ਦੋਸ਼ ਲਾਉਂਦੇ ਹੋਏ ਪੁਲਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਤੋਂ ਬਾਅਦ ਇਸ 'ਤੇ ਅੱਗੇ ਕੋਈ ਕਾਰਵਾਈ ਕਰਨ ਦੀ ਮੰਗ ਨਹੀਂ ਕੀਤੀ। ਪਿਤਾ ਦੀ ਮੌਤ ਤੋਂ ਬਾਅਦ ਪਟੀਸ਼ਨ ਕਰਤਾ ਨੇ 2025 'ਚ ਹੁਣ ਅਚਾਨਕ ਉਸ ਸ਼ਿਕਾਇਤ 'ਤੇ ਅੱਗੇ ਕਾਰਵਾਈ ਦੀ ਮੰਗ ਕਰ ਦਿੱਤੀ।
ਹਾਈਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਵਿਦੇਸ਼ੀ ਧਰਤੀ 'ਤੇ ਆਰਾਮ ਨਾਲ ਰਹਿੰਦੇ ਹੋਏ ਭਾਰਤੀ ਅਦਾਲਤਾਂ ਦੀ ਦੁਰਵਰਤੋਂ ਕਰਕੇ ਪਤੀ ਅਤੇ ਸਹੁਰਿਆਂ ਨੂੰ ਪਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਈਕੋਰਟ ਨੇ ਕਿਹਾ ਕਿ ਵਰਤਮਾਨ ਮਾਮਲੇ 'ਚ ਪਟੀਸ਼ਨ ਕਰਤਾ ਦੀ ਭਾਰਤ 'ਚ ਮੌਜੂਦ ਸਾਰੀ ਜਾਇਦਾਦ ਕੁਰਕ ਕਰਨ ਦਾ ਹੁਕਮ ਜਾਰੀ ਕਰਨਾ ਚਾਹੁੰਦੀ ਹੈ ਪਰ ਪਟੀਸ਼ਨ ਕਰਤਾ 'ਤੇ ਰਿਆਇਤ ਵਰਤਦੇ ਹੋਏ ਉਸ 'ਤੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਜਾਂਦਾ ਹੈ।
