ਖ਼ੁਦ ਨੂੰ ''ਗੈਂਗਸਟਰ'' ਦੱਸਣ ਵਾਲਾ ਨਿਕਲਿਆ ਕਰਿਆਨੇ ਵਾਲਾ! ''ਬਿਸ਼ਨੋਈ'' ਬਣ ਮੰਗ ਰਿਹਾ ਸੀ 50 ਲੱਖ ਦੀ ਫ਼ਿਰੌਤੀ
Sunday, Dec 28, 2025 - 05:15 PM (IST)
ਅਬੋਹਰ/ਫਾਜ਼ਿਲਕਾ (ਰਹੇਜਾ/ਥਿੰਦ): ਫਾਜ਼ਿਲਕਾ ਪੁਲਸ ਨੇ ਇਕ ਵੱਡੀ ਕਾਰਵਾਈ ਕਰਦਿਆਂ ਅਬੋਹਰ ਦੇ ਇਕ ਨਾਮਵਰ ਜਵੈਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜਿਆ ਗਿਆ ਦੋਸ਼ੀ ਵਟਸਐਪ ਰਾਹੀਂ ਖੁਦ ਨੂੰ 'ਆਰਜੂ ਬਿਸ਼ਨੋਈ' ਦੱਸ ਕੇ ਡਰਾ ਰਿਹਾ ਸੀ।
ਜਾਣਕਾਰੀ ਮੁਤਾਬਕ ਸ਼ਿਵ ਜਵੈਲਰਸ ਅਬੋਹਰ ਦੇ ਮਾਲਕ ਸ਼ਿਵਮ ਸੋਨੀ ਨੂੰ 23 ਦਸੰਬਰ ਦੀ ਰਾਤ ਨੂੰ ਉਸ ਦੇ ਮੋਬਾਇਲ 'ਤੇ ਇਕ ਧਮਕੀ ਭਰੀ ਕਾਲ ਆਈ ਸੀ। ਇਸ ਕਾਲ ਵਿਚ ਸ਼ਿਵਮ ਅਤੇ ਉਸ ਦੇ ਪਰਿਵਾਰ ਨੂੰ 5 ਦਿਨਾਂ ਦੇ ਅੰਦਰ ਖਤਮ ਕਰਨ ਦੀ ਧਮਕੀ ਦਿੱਤੀ ਗਈ ਸੀ। ਪੁਲਸ ਨੇ ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਦੀ ਤੇਜ਼ੀ ਨਾਲ ਕਾਰਵਾਈ ਫਾਜ਼ਿਲਕਾ ਦੇ ਪੁਲਸ ਮੁਖੀ ਗੁਰਮੀਤ ਸਿੰਘ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ.ਪੀ. ਆਸਵੰਤ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਗਠਿਤ ਕੀਤੀ ਗਈ। ਪੁਲਸ ਟੀਮ ਨੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਧਮਕੀ ਭਰੀ ਕਾਲ ਨੂੰ ਟ੍ਰੇਸ ਕੀਤਾ ਅਤੇ 27 ਦਸੰਬਰ ਨੂੰ ਦੋਸ਼ੀ ਨੂੰ ਕਾਬੂ ਕਰ ਲਿਆ।
ਦੋਸ਼ੀ ਦੀ ਪਛਾਣ ਅਤੇ ਕਾਰੋਬਾਰ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਨਿਕੇਸ਼ ਕੁਮਾਰ (24 ਸਾਲ), ਪੁੱਤਰ ਰਾਮ ਗੋਪਾਲ, ਵਾਸੀ ਚੂਹੜੀ ਵਾਲਾ ਧੰਨਾ (ਥਾਣਾ ਖੂਈਖੇੜਾ) ਵਜੋਂ ਹੋਈ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਨਿਕੇਸ਼ ਆਪਣੇ ਪਿੰਡ ਵਿਚ ਹੀ ਇਕ ਕਿਰਿਆਣਾ ਸਟੋਰ ਚਲਾਉਂਦਾ ਹੈ। ਉਸ ਨੇ ਵਟਸਐਪ ਰਾਹੀਂ ਜਵੈਲਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।
