ਡਾਕਟਰ ਤੇ ਉਸ ਦੇ ਸਾਥੀ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਡੇਢ ਸਾਲ ਦੀ ਕੈਦ

Friday, Dec 26, 2025 - 10:10 AM (IST)

ਡਾਕਟਰ ਤੇ ਉਸ ਦੇ ਸਾਥੀ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਡੇਢ ਸਾਲ ਦੀ ਕੈਦ

ਫਾਜ਼ਿਲਕਾ (ਨਾਗਪਾਲ) : ਸਵਾ ਤਿੰਨ ਸਾਲ ਪਹਿਲਾਂ ਫਾਜ਼ਿਲਕਾ ਦੇ ਬਾਰਡਰ ਰੋਡ ’ਤੇ ਇਕ ਕਾਰ ਚਾਲਕ ਵੱਲੋਂ ਫਾਜ਼ਿਲਕਾ ਦੇ ਮਸ਼ਹੂਰ ਈ. ਐੱਨ. ਟੀ. ਡਾਕਟਰ ਨਰਿੰਦਰ ਸੇਠੀ ਅਤੇ ਉਨ੍ਹਾਂ ਦੇ ਸਾਥੀ ਨੂੰ ਕਾਰ ਨਾਲ ਟੱਕਰ ਮਾਰਨ ਵਾਲੇ ਮੁਲਜ਼ਮ ਨੂੰ ਫਾਜ਼ਿਲਕਾ ਦੀ ਇਕ ਅਦਾਲਤ ਨੇ ਡੇਢ ਸਾਲ ਦੀ ਕੈਦ ਅਤੇ 1500 ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ 9 ਸਤੰਬਰ 2022 ਨੂੰ ਥਾਣਾ ਸਦਰ ਪੁਲਸ ਸਟੇਸ਼ਨ ਫਾਜ਼ਿਲਕਾ ਕੋਲ ਡਾ. ਸੇਠੀ ਵੱਲੋਂ ਦਰਜ ਕਰਵਾਏ ਬਿਆਨ ਮੁਤਾਬਕ 7 ਸਤੰਬਰ 2022 ਨੂੰ ਦੇਰ ਸ਼ਾਮ ਕਰੀਬ ਸਾਢੇ 7 ਵਜ਼ੇ ਉਹ ਆਪਣੇ ਸਹਿਯੋਗੀ ਸਤੀਸ਼ ਕੁਮਾਰ ਨਾਲ ਬਾਰਡਰ ਰੋਡ ’ਤੇ ਸੈਰ ਕਰਨ ਲਈ ਗਏ ਸੀ। ਜਦੋਂ ਦੋਵੇਂ ਸੈਰ ਤੋਂ ਵਾਪਸ ਮੁੜ ਰਹੇ ਸੀ ਤਾਂ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ।

ਇਸ ਨਾਲ ਉਹ ਡਿੱਗ ਗਏ ਅਤੇ ਉਨ੍ਹਾਂ ਦੇ ਸਹਿਯੋਗੀ ਸਤੀਸ਼ ਕੁਮਾਰ ਨੂੰ ਕਾਰ ਥੋੜ੍ਹੀ ਦੂਰ ਤੱਕ ਘਸੀਟਦੀ ਹੋਈ ਲੈ ਗਈ। ਇਸ ਹਾਦਸੇ ’ਚ ਸਤੀਸ਼ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਕਾਰ ਚਾਲਕ ਦੀ ਪਛਾਣ ਜੈ ਦੇਵ ਉਰਫ਼ ਅਜੈ ਕੁਮਾਰ ਵਾਸੀ ਫਾਜ਼ਿਲਕਾ ਵਜੋਂ ਹੋਈ। ਡਾ. ਸੇਠੀ ਨੇ ਬਿਆਨ ’ਚ ਦੱਸਿਆ ਕਿ ਉਹ ਤਾਂ ਕੁੱਝ ਦਿਨਾਂ ਮਗਰੋਂ ਠੀਕ ਹੋ ਗਏ, ਜਦ ਕਿ ਸਤੀਸ਼ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦਾ ਸ੍ਰੀਗੰਗਾਨਗਰ ਦੇ ਹਸਪਤਾਲ ’ਚੋਂ ਕਈ ਵਾਰ ਨਿਊਰੋ ਦੇ ਮਾਹਰ ਡਾਕਟਰ ਕੋਲੋਂ ਇਲਾਜ ਕਰਵਾਇਆ ਗਿਆ।

ਇਸ ਹਾਦਸੇ ’ਚ ਜ਼ਖਮੀ ਹੋਣ ਮਗਰੋਂ ਸਤੀਸ਼ ਕੁਮਾਰ ਅਜੇ ਤੱਕ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਪਾਇਆ ਹੈ। ਡਾ. ਸੇਠੀ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਇਸ ਮਗਰੋਂ ਅਦਾਲਤ ’ਚ ਚਲਾਨ ਪੇਸ਼ ਕੀਤੇ ਜਾਣ ਅਤੇ ਦੋਹਾਂ ਪੱਖਾਂ ਦੀਆਂ ਗਵਾਹੀਆਂ ਅਤੇ ਦਲੀਲਾਂ ਸੁਣਨ ਮਗਰੋਂ ਹਰਪ੍ਰੀਤ ਸਿੰਘ ਜੁਡੀਸ਼ੀਅਲ ਮੈਜ਼ਿਸਟ੍ਰੇਟ ਫਾਸਟ ਕਲਾਸ ਫਾਜ਼ਿਲਕਾ ਨੇ ਆਪਣੇ ਫ਼ੈਸਲੇ ’ਚ ਜੈ ਦੇਵ ਨੂੰ ਡੇਢ ਸਾਲ ਦੀ ਸਖ਼ਤ ਕੈਦ ਅਤੇ 1500 ਰੁਪਏ ਜੁਰਮਾਨਾ ਲਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਜੈ ਦੇਵ ਨੂੰ ਦੋ ਮਹੀਨਿਆਂ ਦੀ ਹੋਰ ਸਧਾਰਨ ਕੈਦ ਕੱਟਣੀ ਪਵੇਗੀ।
 


author

Babita

Content Editor

Related News