ਠੰਡ ਨੂੰ ਮਾਤ, 13 ਦਿਨਾਂ ’ਚ 25 ਹਜ਼ਾਰ ਤੋਂ ਵੱਧ ਸੈਲਾਨੀ ਪਹੁੰਚੇ ਛੱਤਬੀੜ ਚਿੜੀਆਘਰ
Monday, Dec 22, 2025 - 09:44 AM (IST)
ਜ਼ੀਰਕਪੁਰ (ਧੀਮਾਨ) : ਸਰਦੀ ਦੇ ਮੌਸਮ ’ਚ ਛੱਤਬੀੜ ਸੈਲਾਨੀਆਂ ਲਈ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਬੀਤੇ 13 ਦਿਨਾਂ ’ਚ ਕਰੀਬ 25 ਹਜ਼ਾਰ ਸੈਲਾਨੀਆਂ ਨੇ ਚਿੜੀਆਘਰ ਦਾ ਦੌਰਾ ਕਰਕੇ ਜੰਗਲੀ ਜੀਵਾਂ ਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਸਰਦੀ ਦੇ ਮੌਸਮ ’ਚ ਵੀ ਲਗਾਤਾਰ ਵੱਧ ਰਹੀ ਆਮਦ ਨੂੰ ਚਿੜੀਆਘਰ ਪ੍ਰਬੰਧਨ ਲਈ ਹੌਂਸਲਾ ਅਫ਼ਜ਼ਾਈ ਵਜੋਂ ਦੇਖਿਆ ਜਾ ਰਿਹਾ ਹੈ। ਚਿੜੀਆਘਰ ਪ੍ਰਬੰਧਨ ਮੁਤਾਬਕ ਸਰਦੀ ਦੀਆਂ ਛੁੱਟੀਆਂ, ਸਕੂਲੀ ਟੂਰਾਂ ਤੇ ਪਰਿਵਾਰਕ ਦੌਰਿਆਂ ਨੇ ਸੈਲਾਨੀਆਂ ਦੀ ਗਿਣਤੀ ’ਚ ਖ਼ਾਸ ਵਾਧਾ ਕੀਤਾ ਹੈ। ਸਵੇਰ ਤੋਂ ਸ਼ਾਮ ਤੱਕ ਪਰਿਵਾਰਾਂ, ਬੱਚਿਆਂ ਤੇ ਨੌਜਵਾਨਾਂ ਦੀ ਰੌਣਕ ਬਣੀ ਰਹੀ। ਪੰਛੀਆਂ ਦੀ ਏਵਰੀ, ਡਾਇਨਾਸੋਰ ਪਾਰਕ, ਬਾਘ, ਸ਼ੇਰ, ਤੇਂਦੂਏ, ਹਿਰਣਾਂ ਸਮੇਤ ਹੋਰ ਜੰਗਲੀ ਜੀਵਾਂ ਨੂੰ ਨੇੜਿਓਂ ਦੇਖਣ ਲਈ ਸੈਲਾਨੀਆਂ ’ਚ ਖ਼ਾਸ ਉਤਸ਼ਾਹ ਨਜ਼ਰ ਆਇਆ।
ਪ੍ਰਬੰਧ, ਸਾਫ਼-ਸਫ਼ਾਈ ਤੇ ਸੁਰੱਖਿਆ ਨੇ ਜਿੱਤਿਆ ਦਿਲ
ਸੈਲਾਨੀਆਂ ਨੇ ਸਾਫ਼–ਸਫ਼ਾਈ, ਪੀਣ ਵਾਲੇ ਪਾਣੀ, ਬੈਠਕਾਂ ਤੇ ਸੁਰੱਖਿਆ ਪ੍ਰਬੰਧਾਂ ’ਤੇ ਸੰਤੋਖ ਪ੍ਰਗਟਾਇਆ। ਸਟਾਫ਼ ਦੀ ਤਾਇਨਾਤੀ ਤੇ ਰਹਿਨੁਮਾਈ ਨਾਲ ਦੌਰਾ ਹੋਰ ਵੀ ਸੁਖਦ ਬਣਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ।
ਸੈਲਾਨੀਆਂ ਦੀ ਆਵਾਜ਼-ਵਧਾਈਆਂ ਜਾਣ ਬੈਟਰੀ ਵਾਲੀਆਂ ਗੱਡੀਆਂ
ਚਿੜੀਆਘਰ ਆਏ ਸੈਲਾਨੀ ਸੁਖਵਿੰਦਰ ਸਿੰਘ, ਗਗਨਪ੍ਰੀਤ ਸਿੰਘ, ਲਖਵੀਰ ਸਿੰਘ, ਹਰਪਾਲ ਸਿੰਘ, ਮੁਕੇਸ਼ ਸੈਣੀ, ਦਵਿੰਦਰ ਸਿੰਘ, ਮਨੀਸ਼ਾ ਸੈਣੀ ਤੇ ਅਲਕਾ ਰਾਣੀ ਸਮੇਤ ਹੋਰਨਾਂ ਨੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਦੇ ਮੁਕਾਬਲੇ ਹੁਣ ਰਾਹਦਾਰੀਆਂ, ਬੈਠਕਾਂ ਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕਾਫ਼ੀ ਬਿਹਤਰ ਹੋਈ ਹੈ। ਨਾਲ ਹੀ ਮੰਗ ਕੀਤੀ ਕਿ ਵਧ ਰਹੀ ਭੀੜ ਨੂੰ ਦੇਖਦਿਆਂ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ਹੋਰ ਵਧਾਈ ਜਾਵੇ, ਤਾਂ ਜੋ ਬਜ਼ੁਰਗਾਂ ਤੇ ਬੱਚਿਆਂ ਨੂੰ ਸੁਵਿਧਾ ਮਿਲੇ।
ਰੇਂਜ ਅਫ਼ਸਰ ਨੇ ਦਿੱਤਾ ਭਰੋਸਾ, ਵਧਾਈ ਜਾ ਰਹੀ ਗੱਡੀਆਂ ਦੀ ਗਿਣਤੀ
ਇਸ ਬਾਰੇ ਜਾਣਕਾਰੀ ਦਿੰਦਿਆਂ ਰੇਂਜ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੈਲਾਨੀਆਂ ਦੇ ਸੁਝਾਅ ਗੰਭੀਰਤਾ ਨਾਲ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਮਹੀਨੇ ਅੱਗ ਦੀ ਘਟਨਾ ’ਚ 19 ਬੈਟਰੀ ਗੱਡੀਆਂ ਨੁਕਸਾਨੀ ਹੋਣ ਦੇ ਬਾਵਜੂਦ ਠੇਕੇਦਾਰ ਰਾਹੀਂ ਗੱਡੀਆਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾ ਰਹੀ ਹੈ, ਤਾਂ ਜੋ ਕਿਸੇ ਵੀ ਸੈਲਾਨੀ ਨੂੰ ਦੌਰੇ ਦੌਰਾਨ ਅਸੁਵਿਧਾ ਨਾ ਆਵੇ।
