ਮਦੁਰਾਈ ਕਾਮਾਰਾਜ ਯੂਨੀਵਰਸਿਟੀ ਦੇ ਨਾਂ ''ਤੇ 11 ਲੱਖ ਦੀ ਠੱਗੀ

Monday, Jun 11, 2018 - 06:06 AM (IST)

ਮੋਹਾਲੀ,   (ਕੁਲਦੀਪ)-  ਤਾਮਿਲਨਾਡੂ ਸਥਿਤ ਮਦੁਰਾਈ ਕਾਮਾਰਾਜ ਯੂਨੀਵਰਸਿਟੀ ਰਾਹੀਂ ਮੋਹਾਲੀ ਦੇ ਫੇਜ਼-7 ਸਥਿਤ ਇੰਸਟੀਚਿਊਟ ਆਫ ਕੰਪਿਊਟਰ ਅਕਾਊਂਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ. ਆਈ.) ਦੇ ਵਿਦਿਆਰਥੀਆਂ ਨੂੰ ਕੋਰਸ ਕਰਵਾਉਣ ਦੇ ਨਾਂ 'ਤੇ ਇੰਸਟੀਚਿਊਟ ਨਾਲ 11 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਉਕਤ ਯੂਨੀਵਰਸਿਟੀ ਦੇ ਨਾਂ 'ਤੇ ਇਹ ਠੱਗੀ ਮੁੰਬਈ ਸਥਿਤ ਗਲੋਬਲ ਐਜੂਕੇਸ਼ਨ ਗਾਈਡੈਂਸ ਸੰਸਥਾ ਦੇ ਮਾਲਕ ਗਗਨਦੀਪ ਸਿੰਘ ਵਲੋਂ ਕੀਤੀ ਗਈ ਹੈ, ਜੋ ਕਿ ਖੁਦ ਨੂੰ ਯੂਨੀਵਰਸਿਟੀ ਦਾ ਕੋਆਰਡੀਨੇਟਰ ਦੱਸਦਾ ਸੀ । ਮੋਹਾਲੀ ਸਥਿਤ ਆਈ. ਸੀ. ਏ. ਆਈ. ਆਈ. ਇੰਸਟੀਚਿਊਟ ਦੇ ਰਜਿਸਟਰਾਰ ਸੰਜੀਵ ਖਲਕੋ ਦੀ ਸ਼ਿਕਾਇਤ 'ਤੇ ਗਗਨਦੀਪ ਖਿਲਾਫ ਮਟੌਰ ਥਾਣੇ ਵਿਚ ਠੱਗੀ ਦਾ ਕੇਸ ਦਰਜ ਕਰ ਲਿਆ ਗਿਆ ਹੈ । 
ਖੁਦ ਨੂੰ ਦੱਸਿਆ ਯੂਨੀਵਰਸਿਟੀ ਦਾ ਕੋ-ਆਰਡੀਨੇਟਰ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਫੇਜ਼-7 ਸਥਿਤ 'ਦਿ ਇੰਸਟੀਚਿਊਟ ਆਫ ਕੰਪਿਊਟਰ ਅਕਾਊਂਟੈਂਟਸ ਆਫ ਇੰਡੀਆ' (ਆਈ. ਸੀ. ਏ. ਆਈ. ਆਈ.) ਦੇ ਰਜਿਸਟਰਾਰ ਸੰਜੀਵ ਖਲਕੋ ਨੇ ਦੱਸਿਆ ਕਿ ਉਹ ਮੋਹਾਲੀ ਵਿਚ 24 ਸਾਲਾਂ ਤੋਂ ਇੰਸਟੀਚਿਊਟ ਚਲਾ ਰਿਹਾ ਹੈ । 2015 ਵਿਚ ਗਗਨਦੀਪ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਦੇ ਇੰਸਟੀਚਿਊਟ ਆਈ. ਸੀ. ਏ. ਆਈ. ਆਈ. ਦੇ ਵਿਦਿਆਰਥੀਆਂ ਦੀ ਪੜ੍ਹਾਈ ਮਦੁਰਾਈ ਕਾਮਾਰਾਜ ਯੂਨੀਵਰਸਿਟੀ (ਯੂਨੀਵਰਸਿਟੀ ਵਿੱਦ ਪੋਟੈਂਸ਼ੀਅਲ ਫਾਰ ਐਕਸੀਲੈਂਸ) ਡਾਇਰੈਕਟਰ ਆਫ ਡਿਸਟੈਂਸ ਐਜੂਕੇਸ਼ਨ ਵਲੋਂ ਕਰਵਾਉਣ ਦੀ ਪ੍ਰਪੋਜ਼ਲ ਦਿੱਤੀ । ਗਗਨਦੀਪ ਨੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਉਹ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮਾਂ ਵਿਚ ਦਾਖਲੇ ਕਰਵਾਉਣ ਲਈ ਉਕਤ ਯੂਨੀਵਰਸਿਟੀ ਦਾ ਆਥੋਰਾਈਜ਼ਡ ਕੋਆਰਡੀਨੇਟਰ ਹੈ ।  
ਸ਼ਿਕਾਇਤਕਰਤਾ ਨੇ ਦੱਸਿਆ ਕਿ ਗਗਨਦੀਪ ਦੀਆਂ ਗੱਲਾਂ ਵਿਚ ਆ ਕੇ ਉਹ ਆਪਣੇ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਉਕਤ ਯੂਨੀਵਰਸਿਟੀ ਤੋਂ ਕਰਵਾਉਣ ਲਈ ਤਿਆਰ ਹੋ ਗਏ । ਉਸ ਤੋਂ ਬਾਅਦ ਉਨ੍ਹਾਂ ਜੂਨ 2016 ਦੀ ਪ੍ਰੀਖਿਆ ਲਈ 11 ਵਿਦਿਆਰਥੀਆਂ ਤੇ ਫਿਰ ਦਸੰਬਰ 2017 ਦੀ ਪ੍ਰੀਖਿਆ ਲਈ 27 ਵਿਦਿਆਰਥੀਆਂ ਦੀ ਪੜ੍ਹਾਈ ਦੇ ਕੇਸ ਭੇਜ ਦਿੱਤੇ । ਇਸ ਸਬੰਧੀ ਉਨ੍ਹਾਂ 11 ਲੱਖ ਰੁਪਏ ਵੱਖ-ਵੱਖ ਬੈਂਕ ਟਰਾਂਸਫਰਾਂ ਤੇ ਚੈੱਕਾਂ ਰਾਹੀਂ ਅਦਾ ਕਰ ਦਿੱਤੇ ।  
ਯੂਨੀਵਰਸਿਟੀ 'ਚ ਨਹੀਂ ਕਰਵਾਈ ਜਮ੍ਹਾ ਫੀਸ
ਸੰਜੀਵ ਨੇ ਦੱਸਿਆ ਕਿ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ ਮਦੁਰਾਈ ਯੂਨੀਵਰਸਿਟੀ ਵਲੋਂ ਆਪਣੇ ਵਿਦਿਆਰਥੀਆਂ ਦੇ ਨਤੀਜੇ ਐਲਾਨ ਦਿੱਤੇ ਗਏ ਪਰ ਉਨ੍ਹਾਂ ਦੇ ਵਿਦਿਆਰਥੀਆਂ ਦੇ ਨਤੀਜੇ ਨਹੀਂ ਆਏ । ਜਦੋਂ ਨਤੀਜਾ ਆਇਆ ਤਾਂ ਗਗਨਦੀਪ ਨੇ ਉਨ੍ਹਾਂ ਨੂੰ ਸਿਰਫ 7 ਵਿਦਿਆਰਥੀਆਂ ਦੇ ਸਰਟੀਫਿਕੇਟ ਹੀ ਦਿੱਤੇ, ਜਿਨ੍ਹਾਂ ਨੇ ਜੂਨ 2016 ਵਿਚ ਪ੍ਰੀਖਿਆ ਦਿੱਤੀ ਸੀ। ਜਦੋਂ ਕਿ 31 ਵਿਦਿਆਰਥੀਆਂ ਦੇ ਨਾ ਤਾਂ ਸਰਟੀਫਿਕੇਟ ਦਿੱਤੇ ਗਏ ਤੇ ਨਾ ਹੀ ਉਨ੍ਹਾਂ ਦਾ ਨਤੀਜਾ ਐਲਾਨਿਆ ਗਿਆ । 
ਆਪਣੇ ਸਰਟੀਫਿਕੇਟ ਨਾ ਆਉਣ 'ਤੇ ਆਈ. ਸੀ. ਏ. ਆਈ. ਆਈ. ਦੇ ਵਿਦਿਆਰਥੀ ਉਨ੍ਹਾਂ 'ਤੇ ਸਰਟੀਫਿਕੇਟਾਂ ਲਈ ਦਬਾਅ ਬਣਾਉਣ ਲੱਗੇ ਪਰ ਗਗਨਦੀਪ ਸਰਟੀਫਿਕੇਟ ਭੇਜਣ ਤੋਂ ਟਾਲ-ਮਟੋਲ ਕਰਨ ਲੱਗਾ । ਸੰਜੀਵ ਨੇ ਦੱਸਿਆ ਕਿ ਆਪਣੇ ਵਿਦਿਆਰਥੀਆਂ ਦੇ ਸਰਟੀਫਿਕੇਟ ਦਿਵਾਉਣ ਲਈ ਉਹ ਗਗਨਦੀਪ ਦੇ ਮੁੰਬਈ ਸਥਿਤ ਦਫਤਰ ਵਿਚ ਵੀ ਜਾ ਕੇ ਉਸ ਨੂੰ ਮਿਲੇ। ਮੁੰਬਈ ਵਿਚ ਉਸ ਨੇ ਲਿਖਤੀ ਰੂਪ ਵਿਚ 10 ਅਗਸਤ 2017 ਤਕ ਸਾਰੇ ਵਿਦਿਆਰਥੀਆਂ ਦੇ ਸਰਟੀਫਿਕੇਟ ਭੇਜਣ ਦੀ ਗੱਲ ਮੰਨ ਕੇ ਵੀ ਸਰਟੀਫਿਕੇਟ ਨਹੀਂ ਭੇਜੇ ਤੇ ਨਾ ਹੀ ਪੈਸੇ ਵਾਪਸ ਦਿੱਤੇ । ਉਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਖੁਦ ਯੂਨੀਵਰਸਿਟੀ ਨਾਲ ਜਾ ਕੇ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਗਗਨਦੀਪ ਸਿੰਘ ਨੇ ਵਿਦਿਆਰਥੀਆਂ ਦੀ ਫੀਸ ਯੂਨੀਵਰਸਿਟੀ 'ਚ ਜਮ੍ਹਾ ਨਹੀਂ ਕਰਵਾਈ। ਵਿਦਿਆਰਥੀਆਂ ਦੇ ਭਵਿੱਖ ਨੂੰ ਵੇਖਦਿਆਂ ਉਨ੍ਹਾਂ ਗਗਨਦੀਪ ਸਿੰਘ ਖਿਲਾਫ ਪੁਲਸ ਸਟੇਸ਼ਨ ਮਟੌਰ ਵਿਚ ਲਿਖਤੀ ਸ਼ਿਕਾਇਤ ਦੇ ਦਿੱਤੀ । ਪੁਲਸ ਸਟੇਸ਼ਨ ਵਿਚ ਗਲੋਬਲ ਐਜੂਕੇਸ਼ਨ ਗਾਈਡੈਂਸ, ਪਰਾਨਿਕ ਚੈਂਬਰਸ, ਸਾਕੀਨਾਸਾ, ਅੰਧੇਰੀ ਈਸਟ ਮੁੰਬਈ ਦੇ ਮਾਲਕ ਗਗਨਦੀਪ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ । ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ।


Related News