ਜੈੱਕ ਲਾ ਕੇ ਤੋੜੇ ਸੈਂਟਰ ਲੌਕ; ਦੁਕਾਨ ''ਚੋਂ ਉਡਾਏ ਇਨਵਰਟਰ, ਬੈਟਰੀਆਂ

Saturday, May 05, 2018 - 01:57 AM (IST)

ਰੂਪਨਗਰ, (ਜ. ਬ.)- ਬੇਲਾ ਰੋਡ 'ਤੇ ਐੱਚ.ਐੱਮ.ਟੀ. ਹੋਟਲ ਦੇ ਨੇੜੇ ਐਡਵਾਂਸ ਇਲੈਕਟ੍ਰੋਨਿਕਸ ਦੀ ਦੁਕਾਨ 'ਚੋਂ ਕਰੀਬ 9 ਲੱਖ ਰੁਪਏ ਦੇ ਇਨਵਰਟਰ, ਬੈਟਰੀਆਂ ਚੋਰੀ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅਮਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5.30 ਵਜੇ ਕਿਸੇ ਸੈਰ ਕਰਨ ਜਾਣ ਵਾਲੇ ਵਿਅਕਤੀ ਨੇ ਚੋਰੀ ਸਬੰਧੀ ਉਨ੍ਹਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਹ ਜਦੋਂ ਦੁਕਾਨ 'ਤੇ ਆਏ ਤਾਂ ਵੇਖਿਆ ਕਿ 14 ਬੈਟਰੇ ਐਕਸਾਈਡ ਕੰਪਨੀ ਦੇ, 25 ਇਨਵਰਟਰ ਲੂਮੀਨਸ ਤੇ ਮਾਇਕ੍ਰੋਟੈਕ ਦੇ ਅਤੇ ਗੱਲੇ 'ਚੋਂ 20 ਹਜ਼ਾਰ ਰੁਪਏ ਦੇ ਕਰੀਬ ਨਕਦੀ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਉਨ੍ਹਾਂ ਦਾ 9 ਲੱਖ ਰੁਪਏ ਦਾ ਸਾਮਾਨ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਜੈੱਕ ਲਾ ਕੇ ਸੈਂਟਰ ਲੌਕ ਤੋੜਿਆ ਗਿਆ, ਜਦੋਂਕਿ ਤਾਲੇ ਲੱਗੇ ਹੀ ਰਹਿ ਗਏ। ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਨੂੰ ਉਕਤ ਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ
ਉਕਤ ਚੋਰੀ ਦੀ ਵਾਰਦਾਤ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਜਦੋਂਕਿ ਕੁਝ ਸਮਾਂ ਪਹਿਲਾਂ ਸਿਟੀ ਥਾਣਾ ਦੇ ਨੇੜੇ ਚੋਰੀ ਤੋਂ ਇਲਾਵਾ ਕੁਝ ਦਿਨ ਪਹਿਲਾਂ ਦਿਨ ਦਿਹਾੜੇ ਇਕ ਮੁਹੱਲੇ ਦੇ ਨਿਵਾਸੀ ਦੇ ਘਰ 'ਚੋਂ ਚੋਰੀ ਦੀ ਘਟਨਾ ਨੂੰ ਲੈ ਕੇ ਲੋਕਾਂ 'ਚ ਸੁਰੱਖਿਆ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਸਮਾਜ ਸੇਵੀ ਸ਼ਖਸੀਅਤਾਂ ਦੀ ਮੰਗ ਹੈ ਕਿ ਪੁਲਸ ਪ੍ਰਸ਼ਾਸਨ ਵੱਲੋਂ ਜਿੱਥੇ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ ਉਥੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰਨ ਲਈ ਡੂੰਘਾਈ ਨਾਲ ਸਰਚ ਅਭਿਆਨ ਚਲਾਇਆ ਜਾਵੇ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਚੋਰੀ ਦੀ ਚਿੰਤਾ ਤੋਂ ਨਿਜਾਤ ਮਿਲ ਸਕੇ।


Related News