Mobile Banking ਰਾਹੀਂ ਖ਼ਾਤੇ 'ਚੋਂ ਉਡਾਏ ਕਰੋੜਾਂ ਰੁਪਏ, ਪੂਰਾ ਮਾਮਲਾ ਜਾਣ ਰਹਿ ਜਾਓਗੇ ਦੰਗ
Monday, Sep 23, 2024 - 07:49 PM (IST)
ਜਲੰਧਰ- ਪੰਜਾਬ 'ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਆਏ ਦਿਨ ਸ਼ਾਤਿਰ ਠੱਗਾਂ ਵੱਲੋਂ ਨਵੇਂ-ਨਵੇਂ ਜੁਗਾੜ ਲਗਾ ਕੇ ਠੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਦਾ ਅਕਾਊਂਟ ਨੰਬਰ ਅਟੈਚ ਕਰਕੇ ਕਰੋੜਾਂ ਰੁਪਏ ਠੱਗ ਲਏ ਗਏ।
ਜਾਣਕਾਰੀ ਮੁਤਾਬਕ, ਵਿਰਕ ਐਨਕਲੇਵ ਨਿਵਾਸੀ ਸੁਦੇਸ਼ ਕੁਮਾਰ (56) ਤੋਂ ਮੋਬਾਇਲ ਬੈਂਕਿੰਗ ਰਾਹੀਂ ਧੋਖਾਧੜੀ ਕਰਕੇ ਕਰੋੜਾਂ ਰੁਪਏ ਠੱਗ ਲਏ ਗਏ ਹਨ। ਪੀੜਤ ਦੇ ਐਕਸਿਸ ਬੈਂਕ ਦੇ ਖਾਤੇ 'ਚੋਂ ਲੁਧਿਆਣਾ ਦੇ ਵਿਅਕਤੀ ਦੁਆਰਾ 1.37 ਕਰੋੜ ਰੁਪਏ ਠੱਗੇ ਗਏ ਹਨ।
ਧੋਖਾਧੜੀ 'ਚ ਫਸਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ-4 ਦੇ ਕਮਿਸ਼ਨਰੇਟ ਪੁਲਸ ਨੂੰ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਸੁਦੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ 1 ਅਗਸਤ ਤੋਂ 5 ਅਗਸਤ ਵਿਚਕਾਰ ਉਸਦੇ ਐਕਸਿਸ ਬੈਂਕ ਦੇ ਖਾਤੇ 'ਚੋਂ ਕਰੀਬ 1.37 ਕਰੋੜ ਰੁਪਏ ਕੱਢੇ ਗਏ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬੈਂਕ 'ਚੋਂ ਸਟੇਟਮੈਂਟ ਕੱਢਵਾਈ ਜਿਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਨਾਲ ਕਿਸੇ ਹੋਰ ਵਿਅਕਤੀ ਦਾ ਨੰਬਰ ਅਟੈਚ ਹੈ। ਪੀੜਤ ਨੇ ਦੱਸਿਆ ਕਿ ਫੋਨ ਨੰਬਰ ਲਿੰਕ ਹੋਣ ਕਾਰਨ ਠੱਗ ਨੂੰ ਉਨ੍ਹਾਂ ਦੇ ਖਾਤੇ ਦੀ ਸਾਰੀ ਜਾਣਕਾਰੀ ਮਿਲ ਗਈ, ਜਿਸ ਤੋਂ ਬਾਅਦ ਠੱਗ ਨੇ ਮੋਬਾਇਲ ਬੈਂਕਿੰਗ ਖੋਲ੍ਹ ਲਈ ਅਤੇ ਵੱਖ-ਵੱਖ ਖਾਤਿਆਂ 'ਚ ਕਰੀਬ 1 ਕਰੋੜ, 37 ਲੱਖ, 15 ਹਜ਼ਾਰ 310 ਰੁਪਏ ਟ੍ਰਾਂਸਫਰ ਕਰ ਲਏ।
ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਥਾਣਾ ਪੁਲਸ ਨੇ ਲੁਧਿਆਣਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਦੋਸ਼ ਅਜੇ ਵੀ ਗ੍ਰਿਫਤਾਰ ਨਹੀਂ ਹੋਇਆ। ਦੋਸ਼ੀ ਦੀ ਭਾਲ ਸਿਟੀ ਪੁਲਸ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।