ਪੰਜਾਬ ''ਚ IELTS ਸੈਂਟਰ ''ਤੇ ਫਾਇਰਿੰਗ! ਤਾੜ-ਤਾੜ ਚੱਲੀਆਂ ਗੋਲ਼ੀਆਂ
Friday, Sep 20, 2024 - 10:07 AM (IST)

ਡੇਰਾਬੱਸੀ (ਵਿਕਰਮਜੀਤ): ਕਾਲਜ ਰੋਡ ’ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ ਅਤੇ IELTS ਸੈਂਟਰ ’ਤੇ ਨਕਾਬਪੋਸ਼ ਦੋ ਬਦਮਾਸ਼ਾਂ ਨੇ ਇਕ ਕਰੋੜ ਰੁਪਏ ਫਿਰੌਤੀ ਦੀ ਮੰਗ ਨੂੰ ਲੈ ਕੇ ਚਾਰ ਗੋਲ਼ੀਆਂ ਚਲਾਈਆਂ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਸਾਰੀ ਸੜਕਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ, ਪਰ ਬਦਮਾਸ਼ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਸਕੂਲ 'ਚ ਹੋਏ ਧਮਾਕੇ! 5 ਬੱਚਿਆਂ ਸਣੇ 8 ਦੀ ਗਈ ਜਾਨ
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਸ ਸਟੇਸ਼ਨ ਦੇ ਪਿੱਛੇ ਸਥਿਤ ਐਜੂਕੇਸ਼ਨ ਪੁਆਇੰਟ ਇਮੀਗ੍ਰੇਸ਼ਨ ਐਂਡ ਆਈਲੈੱਟਸ ਸੈਂਟਰ ’ਤੇ ਵੀਰਵਾਰ ਦੁਪਹਿਰ ਤਕਰੀਬਨ ਡੇਢ ਵਜੇ ਦੋ ਨਕਾਬਪੋਸ਼ ਬਦਮਾਸ਼ ਮੋਟਰਸਾਈਕਲ ’ਤੇ ਆਏ। ਪਹਿਲੀ ਮੰਜਿਲ ’ਤੇ ਚਲ ਰਹੇ ਇਸ ਇਮੀਗ੍ਰੇਸ਼ਨ ਦਫਤਰ ਵਿਚ ਇਕ ਬਦਮਾਸ਼ ਨੇ ਰਿਸੈਪਸ਼ਨ 'ਤੇ ਬੈਠੀ ਲੜਕੀ ਨੂੰ ਇਕ ਚਿੱਠੀ ਫੜਾਈ ਜਦਕਿ ਦੂਜੇ ਬਦਮਾਸ਼ ਨੇ ਆਪਣੇ ਸਾਥੀ ਦੇ ਬਾਹਰ ਨਿਕਲਣ ਮਗਰੋਂ ਬਾਹਰਲੇ ਸੀਸ਼ੇ ’ਤੇ ਚਾਰ ਫਾਇਰ ਕੀਤੇ। ਗੋਲ਼ੀਆਂ ਚਲਣ ਨਾਲ ਦਫ਼ਤਰ ਵਿਚ ਭਾਜੜਾਂ ਪੈ ਗਈਆਂ। ਗੋਲ਼ੀਆਂ ਬਾਹਰਲੇ ਸੀਸ਼ੇ ਅਤੇ ਲੱਕੜ ਦੇ ਪਲਾਈਵੁੱਡ ਨਾਲ ਬਣੇ ਦੋ ਕੇਬਿਨਾਂ ਨੂੰ ਚੀਰਦੀ ਹੋਈ ਕੰਧ ਵਿਚ ਵਜੀਆਂ। ਇਸ ਕੇਬਿਨ ਵਿਚ ਸਫਾਈ ਸੇਵਕ ਬੈਠਾ ਸੀ ਜੋ ਵਾਲ ਵਾਲ ਬਚ ਗਿਆ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਤੜਕਸਾਰ NIA ਦੀ ਰੇਡ
ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨੇ ਦੱਸਿਆ ਕਿ ਉਹ ਲੰਘੇ ਕਈਂ ਸਾਲਾ ਤੋਂ ਇਮੀਗ੍ਰੇਸ਼ਨ ਅਤੇ ਆਈਲੈੱਟਸ ਸੈਂਟਰ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਉਹ ਡੇਢ ਵਜੇ ਆਪਣੀ ਪਤਨੀ ਨਾਲ ਦਫਤਰ ਵਿੱਚ ਹੀ ਬੈਠਾ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਨੀ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਦੇ ਫਿਰੌਤੀ ਲਈ ਕੋਈ ਫੋਨ ਆਇਆ ਹੈ।
ਐੱਸ.ਐੱਸ.ਪੀ. ਮੋਹਾਲੀ ਦੀਪਕ ਪਾਰਿਕ, ਏ.ਐੱਸ.ਪੀ. ਡੇਰਾਬੱਸੀ ਜਯੰਤ ਪੁਰੀ ਅਤੇ ਥਾਣਾ ਮੁਖੀ ਮਨਦੀਪ ਸਿੰਘ ਨੇ ਮੌਕੇ ਦਾ ਦੌਰਾ ਕਰ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ ਹੈ ਜਿਸ ਵਿਚ ਦੋ ਨਕਾਬਪੋਸ਼ ਬਦਮਾਸ਼ ਸ਼ਕਤੀ ਨਗਰ ਵਾਲੇ ਪਾਸੇ ਤੋਂ ਮੋਟਰਸਾਈਕਲ ’ਤੇ ਆਉਂਦੇ ਹਨ ਅਤੇ ਕੁਝ ਮਿੰਟਾਂ ਵਿਚ ਫਾਇਰ ਕਰਨ ਮਗਰੋਂ ਸ਼ਕਤੀ ਨਗਰ ਵਾਲੇ ਪਾਸੇ ਤੋਂ ਹੀ ਫ਼ਰਾਰ ਹੋ ਜਾਂਦੇ ਹਨ। ਐੱਸ.ਐੱਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਪੁਲਸ ਨੇ ਸੀ.ਸੀ.ਟੀ.ਵੀ. ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਛੇਤੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - Public Holidays: ਅਕਤੂਬਰ ਮਹੀਨੇ ਇੰਨ੍ਹਾਂ ਦਿਨਾਂ ਨੂੰ ਬੰਦ ਰਹਿਣਗੇ ਸਕੂਲ, ਬੈਂਕ ਤੇ ਦਫ਼ਤਰ
ਚਿੱਠੀ ਵਿਚ ਇਕ ਖੋਖੇ ਦੀ ਕੀਤੀ ਮੰਗ
ਬਦਮਾਸ਼ਾਂ ਵੱਲੋਂ ਦਫ਼ਤਰ ਦੀ ਰਿਸੈਪਸ਼ਨ ’ਤੇ ਫੜਾਈ ਚਿੱਠੀ ਇਕ ਪੇਜ ’ਤੇ ਪੈਨ ਨਾਲ ਹਿੰਦੀ ਵਿਚ ਇਕ ਖੋਖਾ (ਇਕ ਕਰੋੜ) ਗੁਰੀ ਖੇੜੀ ਗੁਜਰਾਂ ਤਿਹਾੜ ਜੇਲ੍ਹ ਲਿੱਖ ਕੇ ਧਮਕੀ ਦਿੱਤੀ ਹੋਈ ਹੈ ਕਿ ਜੇਕਰ ਪੁਲਸ ਨੂੰ ਦੱਸਿਆ ਅਤੇ ਫਿਰੌਤੀ ਨਾ ਦਿੱਤੀ ਤਾਂ ਅੱਜ ਛੇਂ ਗੋਲੀਆਂ ਚਲਾਈਆਂ ਹਨ ਅਗਲੀ ਵਾਰ ਵੱਡਾ ਨੁਕਸਾਨ ਹੋਏਗਾ। ਜ਼ਿਕਰਯੋਗ ਹੈ ਕਿ ਲੰਘੇ ਕੁਝ ਸਮੇਂ ਪਹਿਲਾਂ ਇਸ ਸੜਕ ’ਤੇ ਸਥਿਤ ਅਪੋਲੋ ਡਾਇਗਨੋਸਿਸ ਸੈਂਟਰ ’ਤੇ ਵੀ ਇਸੇ ਤਰ੍ਹਾਂ ਮੋਟਰਸਾਈਕਲ ’ਤੇ ਆਏ ਤਿੰਨ ਬਦਮਾਸ਼ ਰਿਸੈਪਸ਼ਨ ’ਤੇ ਫਿਰੌਤੀ ਦੀ ਚਿੱਠੀ ਦੇ ਕੇ ਗਏ ਸੀ। ਪੁਲਸ ਨੇ ਉਹ ਬਦਮਾਸ਼ ਫੜ ਲਏ ਸੀ ਜੋ ਸਥਾਨਕ ਨਾਬਾਲਗ ਵਸਨੀਕ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8