ਸਪਾ ਸੈਂਟਰ ਦੀ ਆੜ ’ਚ ਚਲਾ ਰਹੇ ਸਨ ਗੰਦਾ ਧੰਦਾ, ਮੁਲਜ਼ਮ ਗ੍ਰਿਫਤਾਰ

Friday, Sep 20, 2024 - 04:45 AM (IST)

ਲੁਧਿਆਣਾ (ਬੇਰੀ) : ਪੁਲਸ ਨੇ ਇਕ ਵਾਰ ਫਿਰ ਸਪਾ ਸੈਂਟਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਸ ਟੀਮਾਂ ਨੇ ਚੰਡੀਗੜ੍ਹ ਰੋਡ ’ਤੇ ਸਥਿਤ ਸਪਾ ਸੈਂਟਰਾਂ ’ਤੇ ਛਾਪੇਮਾਰੀ ਕੀਤੀ। ਪੁਲਸ ਨੇ ਸਪਾ ਸੈਂਟਰਾਂ ਦੀ ਆੜ ’ਚ ਅਨੈਤਿਕ ਧੰਦਾ ਚਲਾਉਣ ਦੇ ਦੋਸ਼ ’ਚ 3 ਵੱਖ-ਵੱਖ ਸਪਾ ਸੈਂਟਰਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਖਿਲਾਫ ਕੇਸ ਦਰਜ ਕੀਤਾ ਹੈ।

ਪਹਿਲੇ ਮਾਮਲੇ ’ਚ ਏ. ਐੱਸ. ਆਈ. ਪ੍ਰੇਮ ਚੰਦ ਅਨੁਸਾਰ ਉਹ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ’ਚ ਮੇਦਾਂਤਾ ਸਪਾ ਸੈਂਟਰ ਹੈ। ਸਪਾ ਦੀ ਆੜ ’ਚ ਲੜਕੇ-ਲੜਕੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦਿੰਦੇ ਹਨ ਅਤੇ ਉਨ੍ਹਾਂ ਨੂੰ ਗਲਤ ਕੰਮ ਕਰਵਾਉਣ ਲਈ ਮਜਬੂਰ ਕਰਦੇ ਹਨ, ਜੋ ਪੁਲਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ’ਤੇ ਪੁਲਸ ਨੇ ਛਾਪਾ ਮਾਰ ਕੇ ਮਾਲਕ ਪਿੰਕੀ ਅਤੇ ਮੈਨੇਜਰ ਮਨੋਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਦੂਜੇ ਮਾਮਲੇ ’ਚ ਹਵਲਦਾਰ ਪਵਨ ਕੁਮਾਰ ਨੇ ਪੁਲਸ ਪਾਰਟੀ ਸਮੇਤ ਕੁਆਲਿਟੀ ਸਪਾ ਸੈਂਟਰ ’ਤੇ ਛਾਪਾ ਮਾਰ ਕੇ ਮਾਲਕ ਗੌਰਵ ਕੁਮਾਰ ਅਤੇ ਮੈਨੇਜਰ ਰਵੀ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਲੋਕ ਸਪਾ ਸੈਂਟਰ ਦੀ ਆੜ ’ਚ ਅਨੈਤਿਕ ਕੰਮ ਕਰ ਰਹੇ ਸਨ। ਪੁਲਸ ਵੱਲੋਂ ਛਾਪੇਮਾਰੀ ਕਰ ਕੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

ਅਜਿਹੇ ਤੀਜੇ ਮਾਮਲੇ ’ਚ ਐੱਸ. ਐੱਚ. ਓ. ਜਗਦੀਸ਼ ਰਾਜ ਨੇ ਚੰਡੀਗੜ੍ਹ ਰੋਡ ’ਤੇ ਸਥਿਤ ਰੈੱਡ ਕੋਰਲਰ ਸਪਾ ਸੈਂਟਰ ’ਚ ਛਾਪਾ ਮਾਰ ਕੇ ਇਸ ਦੇ ਮਾਲਕ ਸੋਨੀ ਅਤੇ ਮੈਨੇਜਰ ਗੋਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਨੁਸਾਰ ਇਹ ਲੋਕ ਸਪਾ ਸੈਂਟਰ ਦੀ ਆੜ ’ਚ ਨਾਜਾਇਜ਼ ਧੰਦਾ ਕਰਦੇ ਸਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
 


Inder Prajapati

Content Editor

Related News