ਵਧਦਾ ਜਾ ਰਿਹੈ ਲੁਟੇਰਿਆਂ ਦਾ ਹੌਂਸਲਾ, ਬੇਖ਼ੌਫ਼ ਹੋ ਕੇ ਦਿਨ-ਦਿਹਾੜੇ ਲੁੱਟ ਲਈ ਕੈਮਿਸਟ ਦੀ ਦੁਕਾਨ
Sunday, Sep 15, 2024 - 05:20 AM (IST)
ਫਗਵਾੜਾ (ਜਲੋਟਾ, ਮੁਕੇਸ਼)- ਫਗਵਾੜਾ ਦੀ ਪਾਸ਼ ਕਾਲੋਨੀ ਗੁਰੂ ਹਰਗੋਬਿੰਦ ਨਗਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਦਵਾਈ ਲੈਣ ਦੇ ਬਹਾਨੇ ਇਕ ਦਵਾਈ ਵਿਕਰੇਤਾ ਦੀ ਦੁਕਾਨ ਨੂੰ ਲੁੱਟ ਲਿਆ ਤੇ ਨਕਦੀ ਆਦਿ ਲੈ ਕੇ ਫਿਲਮੀ ਸਟਾਈਲ ’ਚ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ ਸ਼ਹਿਰ ਦੇ ਸਭ ਤੋਂ ਵਿਅਸਤ ਅਤੇ ਪਾਸ਼ ਇਲਾਕੇ ਦੀ ਮਾਰਕੀਟ ’ਚ ਲੁੱਟ-ਖੋਹ ਦੀ ਉਕਤ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਸ਼ਹਿਰ ਦੇ ਸਾਰੇ ਕੈਮਿਸਟਾਂ ਨੇ ਮੌਕੇ ’ਤੇ ਪਹੁੰਚੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪੂਰੇ ਸ਼ਹਿਰ ’ਚ ਦੁਕਾਨਾਂ ਬੰਦ ਕਰ ਦਿੱਤੀਆਂ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੈਮਿਸਟ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਅਗਰਵਾਲ ਨੇ ਕਿਹਾ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਹੁਣ ਫਗਵਾੜਾ ਵਿੱਚ ਕੈਮਿਸਟ ਭਰਾਵਾਂ ਦੀਆਂ ਦੁਕਾਨਾਂ ਚੋਰਾਂ, ਲੁਟੇਰਿਆਂ ਅਤੇ ਡਕੈਤਾਂ ਦੇ ਨਿਸ਼ਾਨੇ ’ਤੇ ਹਨ। ਕੁਝ ਹੋਰ ਕੈਮਿਸਟਾਂ ਨੇ ਭਾਰੀ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸੇ ਇਲਾਕੇ ਵਿੱਚ ਪਿਛਲੇ ਦਿਨੀਂ ਹੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਡਕੈਤਾਂ ਨੇ ਪਿਸਤੌਲ ਦੀ ਨੋਕ ’ਤੇ ਮੈਡੀਕਲ ਦੀ ਦੁਕਾਨ ਲੁੱਟੀ ਸੀ। ਇਸ ਤੋਂ ਪਹਿਲਾਂ ਫਗਵਾੜਾ ਸਿਵਲ ਹਸਪਤਾਲ, ਪਲਾਹੀ ਰੋਡ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਨੂੰ ਜਾਣ ਵਾਲੀ ਸੜਕ ਆਦਿ ’ਤੇ ਕੈਮਿਸਟਾਂ ਦੀ ਦੁਕਾਨ ’ਚ ਲੁੱਟ-ਖੋਹ ਅਤੇ ਚੋਰੀਆਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਹੁਣ ਤਾਂ ਹੱਦ ਹੀ ਹੋ ਗਈ ਹੈ ਜਦੋਂ ਦਿਨ-ਦਿਹਾੜੇ ਸਾਰਿਆਂ ਦੇ ਸਾਹਮਣੇ ਇੰਨੇ ਵਿਅਸਤ ਇਲਾਕੇ ਵਿਚ ਮੈਡੀਕੋਜ਼ ਦੀ ਦੁਕਾਨ ਲੁੱਟ ਲਈ ਗਈ। ਲੁੱਟ ਦਾ ਸ਼ਿਕਾਰ ਕੈਮਿਸਟ ਦੀ ਦੁਕਾਨ ਦੇ ਮਾਲਕ ਦੀ ਨਜ਼ਦੀਕੀ ਰਿਸ਼ਤੇਦਾਰ ਔਰਤ ਨੇ ਦੱਸਿਆ ਕਿ ਫਗਵਾੜਾ ’ਚ ਹੁਣ ਕੋਈ ਵੀ ਸੁਰੱਖਿਅਤ ਨਹੀਂ ਹੈ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''
ਫਗਵਾੜਾ ਪੁਲਸ ਦਾ ਹਾਈਟੈਕ ਨਾਕਾ ਉਸ ਥਾਂ ਤੋਂ ਕੁਝ ਫੁੱਟ ਦੀ ਦੂਰੀ ’ਤੇ ਹੈ, ਜਿੱਥੇ ਲੁੱਟ ਹੋਈ
ਸੁਣਨ ਜਾਂ ਪੜ੍ਹਨ ’ਚ ਹੈਰਾਨੀ ਹੋ ਸਕਦੀ ਹੈ ਪਰ ਇਹ ਸੱਚ ਹੈ ਕਿ ਜਿਸ ਇਲਾਕੇ ’ਚ ਲੁਟੇਰੇ ਦਿਨ-ਦਿਹਾੜੇ ਮੋਟਰਸਾਈਕਲ ’ਤੇ ਆਏ ਅਤੇ ਸਾਰਿਆਂ ਦੇ ਸਾਹਮਣੇ ਵੱਡੀ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ, ਉਸ ਇਲਾਕੇ ਤੋਂ ਕੁਝ ਹੀ ਫੁੱਟ ਦੀ ਦੂਰੀ ’ਤੇ ਫਗਵਾੜਾ ਪੁਲਸ ਦਾ ਦਿਨ ਵੇਲੇ ਹਮੇਸ਼ਾ ਲੱਗਿਆਂ ਰਹਿੰਦਾ ਹਾਈਟੈਕ ਨਾਕਾ ਮੌਜੂਦ ਹੈ।
ਦੁਕਾਨ ’ਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੋਈ ਬੈਕਅੱਪ ਨਹੀਂ, ਪੁਲਸ ਮਾਮਲੇ ਦੀ ਕਰ ਰਹੀ ਜਾਂਚ: ਐੱਸ.ਪੀ.
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਫਗਵਾੜਾ ਦੀ ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਪੁਲਸ ਜਲਦੀ ਹੀ ਇਸ ਲੁੱਟ ਦਾ ਪਤਾ ਲਗਾ ਲਵੇਗੀ। ਉਨ੍ਹਾਂ ਕਿਹਾ ਕਿ ਜਿਸ ਕੈਮਿਸਟ ਦੀ ਦੁਕਾਨ ’ਤੇ ਲੁੱਟ ਹੋਈ ਹੈ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਬੈਕਅਪ ਨਹੀਂ ਮਿਲ ਸਕਿਆ, ਕਿਉਂਕਿ ਘਟਨਾ ਦੇ ਸਮੇਂ ਬਿਜਲੀ ਨਹੀਂ ਸੀ ਅਤੇ ਇਸ ਲਈ ਸੀ.ਸੀ.ਟੀ.ਵੀ. ਕੈਮਰੇ ਬੰਦ ਸਨ। ਪੁਲਸ ਵਲੋਂ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਨਾ ਕੋਈ ਮੈਸੇਜ, ਨਾ ਹੀ OTP, ਬਸ ਇਕ ਕਲਿੱਕ ਤੇ ਖਾਤਾ ਖਾਲੀ
ਫਗਵਾੜਾ ਵਿਚ ਪੀ.ਸੀ.ਆਰ. ਦਸਤਿਆਂ ਦੀ ਗਿਣਤੀ ਸਮੇਤ ਜਨਹਿੱਤ ਵਿੱਚ ਪੁਲਸ ਗਸ਼ਤ ਵਧਾ ਦਿੱਤੀ ਗਈ: ਐੱਸ.ਐੱਸ.ਪੀ. ਵਤਸਲਾ ਗੁਪਤਾ
ਜਗ ਬਾਣੀ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਫਗਵਾੜਾ ਵਿਚ ਪੀ.ਸੀ.ਆਰ. ਦਸਤਿਆਂ ਦੀ ਗਿਣਤੀ ਅਤੇ ਪੁਲਸ ਗਸ਼ਤ ਵਧਾ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਡਿਊਟੀ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਪੂਰੀ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e