ਇੰਡੀਆ ਗਠਜੋੜ ਨੂੰ ਮਿਲਣਗੀਆਂ 300 ਸੀਟਾਂ, ਭਾਜਪਾ 200 'ਤੇ ਸੁੰਗੜੇਗੀ

05/31/2024 10:54:39 AM

ਲੋਕ ਸਭਾ ਚੋਣਾਂ ਦੌਰਾਨ ਹਰ ਪਾਰਟੀ ਵੱਲੋਂ ਪੂਰੇ ਦਮ-ਖਮ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਪ੍ਰਚਾਰ ਲਈ ਪੰਜਾਬ ਦੌਰੇ ’ਤੇ ਆਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਜਿਥੇ ‘ਇੰਡੀਆ’ ਗੱਠਜੋੜ ’ਤੇ ਖੁੱਲ੍ਹ ਕੇ ਗੱਲ ਕੀਤੀ, ਉਥੇ ਹੀ ਉਨ੍ਹਾਂ ਨੇ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੂਰੇ ਦੇਸ਼ ਵਿਚ ਇਸ ਵਾਰ ਭਾਜਪਾ 230 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ ਤੇ ਪੰਜਾਬ ਸਰਕਾਰ ਨੂੰ ਡੇਗਣ ਦੀਆਂ ਧਮਕੀਆਂ ਦੇ ਰਹੇ ਗ੍ਰਹਿ ਮੰਤਰੀ ਨੂੰ ਪੰਜਾਬ ਦੀ 3 ਕਰੋੜ ਜਨਤਾ ਜਵਾਬ ਦੇਵੇਗੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਚੋਣਾਂ ਦੌਰਾਨ ਦੇਸ਼ ਭਰ ਵਿਚ ਕੀ ਮਾਹੌਲ ਲੱਗ ਰਿਹਾ ਹੈ?

ਦੇਸ਼ ਭਰ ਵਿਚ ਲੋਕ ਭਾਜਪਾ ਤੋਂ ਬਹੁਤ ਨਾਰਾਜ਼ ਹਨ। ਲੋਕਾਂ ਵਿਚ ਭਾਜਪਾ ਨੂੰ ਲੈ ਕੇ ਬਹੁਤ ਗੁੱਸਾ ਹੈ। ਇਸ ਦੇ 2 ਕਾਰਨ ਹਨ। ਇਕ ਤਾਂ ਲੋਕ ਮਹਿੰਗਾਈ ਅਤੇ ਬੇਰੋਜ਼ਗਾਰੀ ਤੋਂ ਬਹੁਤ ਪ੍ਰੇਸ਼ਾਨ ਹਨ। ਲੋਕਾਂ ਦੇ ਘਰ ਦਾ ਖਰਚਾ ਤਕ ਨਹੀਂ ਚੱਲ ਰਿਹਾ। ਹਰ ਚੀਜ਼ ਦਾ ਭਾਅ ਵਧ ਗਿਆ ਹੈ। ਲੋਕਾਂ ਦੇ ਘਰ ਦੀ ਆਮਦਨ ਵਧਣ ਦੀ ਬਜਾਏ ਘਟ ਰਹੀ ਹੈ। ਦੂਜਾ ਬੱਚੇ ਬੇਰੋਜ਼ਗਾਰ ਬੈਠੇ ਹਨ।

ਲੋਕਾਂ ਦੀਆਂ ਨੌਕਰੀਆਂ ਵਧਣ ਦੀ ਬਜਾਏ ਘਟਦੀਆਂ ਜਾ ਰਹੀਆਂ ਹਨ। ਪੜ੍ਹੇ-ਲਿਖੇ ਬੱਚੇ ਡਿਗਰੀਆਂ ਲੈ ਕੇ ਘਰ ਬੈਠੇ ਹਨ। ਅਜਿਹੇ ਵਿਚ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਸ ਦਾ ਕੋਈ ਹੱਲ ਕੱਢਣਗੇ। ਸਾਨੂੰ ਮਹਿੰਗਾਈ ਅਤੇ ਬੇਰੋਜ਼ਗਾਰੀ ਤੋਂ ਛੁਟਕਾਰਾ ਦਿਵਾਇਆ ਜਾਵੇਗਾ ਪਰ ਜਦੋਂ ਲੋਕ ਟੀ. ਵੀ. ਦੇਖਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਕੀ ਸੁਣਦੇ ਹਨ, ਉਹ ਇਨ੍ਹਾਂ ਮੁੱਦਿਆਂ ’ਤੇ ਗੱਲ ਕਰਨ ਦੀ ਬਜਾਏ ਗਾਲੀ-ਗਲੋਚ ਕਰ ਰਹੇ ਹਨ। ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਇਕ ਜਗ੍ਹਾ ਜਾ ਕੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਜੇ ਤੁਸੀਂ ‘ਇੰਡੀਆ’ ਗੱਠਜੋੜ ਨੂੰ ਵੋਟ ਦਿੱਤੀ ਤਾਂ ਇਹ ਤੁਹਾਡਾ ਮੰਗਲਸੂਤਰ ਖੋਹ ਕੇ ਭੱਜ ਜਾਣਗੇ। ਦੱਸੋ ਇਸ ਦਾ ਕੀ ਮਤਲਬ ਹੈ। ਦੂਜੀ ਥਾਂ ਜਾ ਕੇ ਕਹਿੰਦੇ ਹਨ ਜੇ ਤੁਸੀਂ ‘ਇੰਡੀਆ’ ਗੱਠਜੋੜ ਨੂੰ ਵੋਟ ਦਿੱਤੀ ਤਾਂ ਇਹ ਤੁਹਾਡੇ ਘਰਾਂ ਦੀਆਂ ਟੂਟੀਆਂ ਖੋਲ੍ਹ ਕੇ ਭੱਜ ਜਾਣਗੇ। ਤੁਹਾਡੀਆਂ ਦੋ ਮੱਝਾਂ ’ਚੋਂ ਇਕ ਮੱਝ ਖੋਲ੍ਹ ਕੇ ਲੈ ਜਾਣਗੇ। ਮੁੰਬਈ ਵਿਚ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸ਼ਰਦ ਪਵਾਰ ਭਟਕਦੀ ਆਤਮਾ ਹੈ। ਊਧਵ ਠਾਕਰੇ ਆਪਣੇ ਪਿਤਾ ਦੀ ਨਕਲੀ ਔਲਾਦ ਹਨ। ਲੋਕ ਦੇਖ ਰਹੇ ਹਨ ਕਿ ਇਹ ਮਹਿੰਗਾਈ ਤੇ ਬੇਰੋਜ਼ਗਾਰੀ ਦੀ ਗੱਲ ਨਹੀਂ ਕਰ ਰਹੇ, ਇਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਮੁਸ਼ਕਲਾਂ ਕੀ ਹਨ।

ਅਜਿਹਾ ਕਰ ਕੇ ਪ੍ਰਧਾਨ ਮੰਤਰੀ ਜਨਤਾ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੇ ਹਨ। ਦੂਜੀ ਚੀਜ਼ ਅੱਜਕੱਲ੍ਹ ਮੋਦੀ ਇੰਨੇ ਹੰਕਾਰ ਵਿਚ ਹਨ ਕਿ ਪਿਛਲੇ 15-20 ਦਿਨਾਂ ਦੇ ਸਾਰੇ ਇੰਟਰਵਿਊਜ਼ ਵਿਚ ਆਪਣੇ-ਆਪ ਨੂੰ ਭਗਵਾਨ ਦਾ ਅਵਤਾਰ ਦੱਸ ਰਹੇ ਹਨ। ਆਖ ਰਹੇ ਹਨ ਕਿ ਮੈਂ ਆਪਣੀ ਮਾਂ ਦੇ ਢਿੱਡ ’ਚੋਂ ਜਨਮ ਨਹੀਂ ਲਿਆ, ਸਗੋਂ ਮੈਂ ਪ੍ਰਗਟ ਹੋਇਆ ਹਾਂ। ਦੱਸੋ ਕੌਣ ਅਜਿਹਾ ਕਹੇਗਾ। ਇੰਨਾ ਹੰਕਾਰ ਕਿ ਆਪਣੇ-ਆਪ ਨੂੰ ਭਗਵਾਨ ਦੱਸਣ ਲੱਗ ਗਏ। ਉਨ੍ਹਾਂ ਦੇ ਚੇਲੇ ਵੀ ਉਨ੍ਹਾਂ ਨੂੰ ਭਗਵਾਨ ਜਗਨਨਾਥ ਨਾਲ ਜੋੜ ਰਹੇ ਹਨ। ਨੱਡਾ ਕਹਿ ਰਹੇ ਹਨ ਕਿ ਮੋਦੀ ਦੇਵਤਿਆਂ ਦੇ ਦੇਵਤਾ ਹਨ। ਪਤਾ ਨਹੀਂ ਭਾਜਪਾ ਕਿਹੜੀ ਦੁਨੀਆ ਵਿਚ ਜੀਅ ਰਹੀ ਹੈ। ਜੇ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਪੈਟਰੋਲ-ਡੀਜ਼ਲ ਸਸਤਾ ਕਰ ਦੇਵਾਂਗਾ ਤਾਂ ਚੰਗਾ ਹੁੰਦਾ। ਮੈਨੂੰ ਇੰਝ ਲੱਗ ਰਿਹਾ ਕਿ ਇਨ੍ਹਾਂ ਨੂੰ 200 ਤੋਂ ਵੀ ਘੱਟ ਸੀਟਾਂ ਮਿਲਣਗੀਆਂ ਜਦਕਿ ‘ਇੰਡੀਆ’ ਗੱਠਜੋੜ 300 ਦਾ ਅੰਕੜਾ ਛੂਹ ਸਕਦਾ ਹੈ।

ਇਸ ਵਾਰ ਤੁਹਾਡੀ ਕੀ ਭਵਿੱਖਬਾਣੀ ਹੈ?

ਭਵਿੱਖਬਾਣੀ ਇਹੋ ਹੈ ਕਿ ਭਾਜਪਾ ਨਾਲ ਲੋਕਾਂ ਦੀ ਨਾਰਾਜ਼ਗੀ ਇੰਨੀ ਹੈ ਕਿ ਉਨ੍ਹਾਂ ਨੂੰ ਭਾਜਪਾ ਤੋਂ ਕੋਈ ਉਮੀਦ ਨਹੀਂ ਦਿਸ ਰਹੀ। ਭਾਜਪਾ ਆਸਮਾਨ ’ਤੇ ਹੈ, ਇਹ ਲੋਕਾਂ ਨੂੰ ਭੇਡ-ਬੱਕਰੀਆਂ ਸਮਝਦੀ ਹੈ।

ਚੋਣਾਂ ਨੂੰ ਲੈ ਕੇ ਪੰਜਾਬ ਵਿਚ ਕੀ ਲੱਗ ਰਿਹਾ ਹੈ?

ਪੰਜਾਬ ਦੀ ਜਨਤਾ ਭਗਵੰਤ ਮਾਨ ਸਰਕਾਰ ਤੋਂ ਬਹੁਤ ਖੁਸ਼ ਹੈ। ਲੋਕਾਂ ਨੇ ਪਹਿਲਾਂ ਕਦੇ ਅਜਿਹੀ ਸਰਕਾਰ ਨਹੀਂ ਦੇਖੀ। ਬਿਜਲੀ ਫ੍ਰੀ ਹੋ ਗਈ। ਹੁਣ ਪੰਜਾਬ ਪੂਰੀ ਤਰ੍ਹਾਂ ਬਿਜਲੀ ਸਰਪਲੱਸ ਹੈ। ਕੁਝ ਥਾਵਾਂ ਨੂੰ ਛੱਡ ਕੇ ਪੰਜਾਬ ਵਿਚ 24 ਘੰਟੇ ਬਿਜਲੀ ਮਿਲ ਰਹੀ ਹੈ। ਨਹਿਰਾਂ ਦਾ ਪਾਣੀ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਗਿਆ। ਜਿਹੜੀ ਬਿਜਲੀ ਕਿਸਾਨਾਂ ਨੂੰ ਰਾਤ ਨੂੰ ਮਿਲਦੀ ਸੀ, ਉਹ ਦਿਨ ਵਿਚ ਵੀ ਮਿਲ ਰਹੀ। ਇਸ ਤੋਂ ਬਾਅਦ ਜਗ੍ਹਾ-ਜਗ੍ਹਾ ਮੁਹੱਲਾ ਕਲੀਨਿਕ ਖੁੱਲ੍ਹ ਗਏ। ਬੱਚਿਆਂ ਨੂੰ 43 ਹਜ਼ਾਰ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਿਸ਼ ਦੇ ਦਿੱਤੀਆਂ ਗਈਆਂ। ਸਰਕਾਰ ਨੇ ਦੋ ਸਾਲਾਂ ਵਿਚ ਬਹੁਤ ਸਾਰੇ ਕੰਮ ਕਰ ਕੇ ਦਿਖਾਏ। ਅਜੇ ਬਹੁਤ ਕੰਮ ਕਰਨ ਵਾਲੇ ਬਾਕੀ ਹਨ। ਲੋਕ ਮਨ ਬਣਾ ਚੁੱਕੇ ਹਨ ਕਿ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ ਲਈ ਇਨ੍ਹਾਂ ਦੇ 13 ਐੱਮ. ਪੀ. ਜਿਤਾਉਣੇ ਹਨ।

ਗ੍ਰਹਿ ਮੰਤਰੀ ਆਖ ਰਹੇ ਹਨ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਸਰਕਾਰ ਨਹੀਂ ਰਹੇਗੀ, ਕੀ ਕਹੋਗੇ?

ਕੀ ਤੁਸੀਂ ਕਦੇ ਸੋਚਿਆ ਸੀ ਕਿ ਦੇਸ਼ ਵਿਚ ਅਜਿਹਾ ਦਿਨ ਵੀ ਆਵੇਗਾ ਕਿ ਦੇਸ਼ ਦਾ ਗ੍ਰਹਿ ਮੰਤਰੀ ਆ ਕੇ ਗੁੰਡਿਆਂ ਵਾਂਗ ਧਮਕਾ ਕੇ ਜਾਵੇਗਾ। ਇਹ ਧਮਕੀ ਉਨ੍ਹਾਂ ਨੇ ਪੰਜਾਬ ਦੇ ਤਿੰਨ ਕਰੋੜ ਪੰਜਾਬੀਆਂ ਨੂੰ ਦਿੱਤੀ ਹੈ। ਉਹ ਪੰਜਾਬੀਆਂ ਨੂੰ ਕਹਿ ਕੇ ਗਏ ਹਨ ਕਿ ਪੰਜਾਬੀਓ ਤੁਸੀਂ ਜਿਹੜੀ ਸਰਕਾਰ ਚੁਣੀ ਹੈ, ਇਸ ਨੂੰ ਉਹ 4 ਜੂਨ ਤੋਂ ਬਾਅਦ ਨਹੀਂ ਛੱਡਣਗੇ, ਤੁਸੀਂ ਜਿਸ ਨੂੰ ਮੁੱਖ ਮੰਤਰੀ ਬਣਾਇਆ ਹੈ, ਇਸ ਨੂੰ ਉਹ ਮੁੱਖ ਮੰਤਰੀ ਨਹੀਂ ਰਹਿਣ ਦੇਣਗੇ। ਮੈਂ ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਵੱਡੇ ਦਿਲ ਵਾਲੇ ਹੁੰਦੇ ਹਨ। ਤੁਸੀਂ ਪਿਆਰ ਨਾਲ ਮੰਗਦੇ ਤਾਂ ਇਕ-ਅੱਧੀ ਸੀਟ ਤੁਹਾਨੂੰ ਦੇ ਵੀ ਦਿੰਦੇ ਪਰ ਤੁਸੀਂ ਧਮਕੀ ਦੇ ਕੇ ਗਏ ਹੋ ਤਾਂ ਤੁਸੀਂ ਹੁਣ ਦੇਖ ਲਿਓ ਇਹ 3 ਕਰੋੜ ਪੰਜਾਬੀ ਇਕ ਤਰੀਕ ਨੂੰ ਮਿਲ ਕੇ ਤੁਹਾਡਾ ਕੀ ਹਾਲ ਕਰਦੇ ਹਨ।

ਗੁੰਡਾਗਰਦੀ ’ਤੇ ਉਤਰੀ ਭਾਜਪਾ

ਇਹ ਗੁੰਡਾਗਰਦੀ ’ਤੇ ਉਤਰ ਆਏ ਹਨ। ਇਨ੍ਹਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਹੈ। ਇਨ੍ਹਾਂ ਨੇ ਦੇਸ਼ ਵਿਚ ਕਿੰਨੀਆਂ ਹੀ ਸਰਕਾਰਾਂ ਡੇਗ ਦਿੱਤੀਆਂ, ਜਿਹੜੀ ਸਰਕਾਰ ਪਸੰਦ ਨਹੀਂ ਆਉਂਦੀ, ਉਸ ਨੂੰ ਡੇਗ ਦਿੰਦੇ ਹਨ। ਵਿਧਾਇਕ ਖਰੀਦ ਲੈਂਦੇ ਹਨ, ਈ. ਡੀ. ਨੂੰ ਭੇਜ ਕੇ ਡਰਾਇਆ ਜਾਂਦਾ ਹੈ। ਪੰਜਾਬ ਵਿਚ ਵੀ ਇਹੋ ਪਲਾਨ ਹੈ। ਮੈਂ ਪਤਾ ਕੀਤਾ ਹੈ ਕਿ ਇਹ ਪੰਜਾਬ ਵਿਚ ਸਰਕਾਰ ਕਿਉਂ ਡੇਗਣਾ ਚਾਹੁੰਦੇ ਹਨ। ਦਰਅਸਲ ਅਸੀਂ ਦਿੱਲੀ ਅਤੇ ਪੰਜਾਬ ਵਿਚ ਜਿਹੜੀ ਫ੍ਰੀ ਬਿਜਲੀ ਦੇ ਰਹੇ ਹਾਂ, ਇਸ ਤੋਂ ਇਹ ਬਹੁਤ ਬੌਖਲਾ ਗਏ ਹਨ। ਲੋਕਾਂ ਨੂੰ ਮਿਲਣ ਵਾਲੀ ਫ੍ਰੀ ਬਿਜਲੀ ਰੋਕਣ ਲਈ ਇਹ ਸਰਕਾਰਾਂ ਡੇਗਣਾ ਚਾਹੁੰਦੇ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਕਮਲ ਵਾਲਾ ਬਟਨ ਦਬਾਇਆ ਤਾਂ ਸੋਚ ਲੈਣਾ ਕਿ ਤੁਸੀਂ ਆਪਣੀ ਫ੍ਰੀ ਬਿਜਲੀ ਬੰਦ ਕਰਨ ਵਾਲਾ ਬਟਨ ਦਬਾਉਣ ਜਾ ਰਹੇ ਹੋ।

ਪ੍ਰਧਾਨ ਮੰਤਰੀ ਤੁਹਾਡੇ ਮੁੱਖ ਮੰਤਰੀ ਨੂੰ ਕਾਗਜ਼ੀ ਸੀ. ਐੱਮ. ਆਖ ਰਹੇ? ਕਹਿੰਦੇ ਦਿੱਲੀ ਦਰਬਾਰ ਤੋਂ ਹਾਜ਼ਰੀ ਲਵਾਉਣ ਦੀ ਫੁਰਸਤ ਨਹੀਂ।

ਭਗਵੰਤ ਮਾਨ ਮੇਰਾ ਛੋਟਾ ਭਰਾ ਹੈ, ਉਹ ਕਿੰਨੀ ਵਾਰ ਆਖ ਚੁੱਕੇ ਹਨ ਕਿ ਮੇਰੇ ਵਿਆਹ ਵਿਚ ਕੇਜਰੀਵਾਲ ਨੇ ਪਿਤਾ ਦਾ ਰੋਲ ਅਦਾ ਕੀਤਾ ਸੀ। ਮੈਂ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇ ਛੋਟਾ ਭਰਾ ਵੱਡੇ ਭਰਾ ਨੂੰ ਜੇਲ ਵਿਚ ਦੋ ਵਾਰ ਮਿਲਣ ਆ ਗਿਆ ਤਾਂ ਇਸ ਵਿਚ ਕੀ ਹਰਜ਼ ਹੈ। ਮੈਂ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਕੰਮ ਅਡਾਨੀ ਤੋਂ ਪੁੱਛ ਕੇ ਕਰਦੇ ਹੋ, ਇਸ ਤਰ੍ਹਾਂ ਅਸੀਂ ਅਡਾਨੀ ਕੋਲ ਭੱਜੇ ਨਹੀਂ ਜਾਂਦੇ।

ਕੀ 2 ਜੂਨ ਨੂੰ ਮੁੜ ਜੇਲ ਜਾਣ ਦੀ ਤਿਆਰੀ ਹੈ?

ਬਿਲਕੁਲ ਤਿਆਰੀ ਹੈ। ਮੈਂ ਦੇਸ਼ ਲਈ ਲੜ ਰਿਹਾ ਹਾਂ। ਭਗਤ ਸਿੰਘ ਜਦੋਂ ਫਾਂਸੀ ’ਤੇ ਚੜ੍ਹੇ ਸੀ ਤਾਂ ਹੱਸਦੇ-ਹੱਸਦੇ ਚੜ੍ਹੇ ਸੀ। ਭਗਤ ਸਿੰਘ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇਲ ਗਏ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਫਾਂਸੀ ’ਤੇ ਚੜ੍ਹੇ ਸਨ। ਅੱਜ ਮੈਂ ਦੇਸ਼ ਨੂੰ ਬਚਾਉਣ ਲਈ ਜੇਲ ਜਾ ਰਿਹਾ ਹਾਂ। ਇਸ ਤਾਨਾਸ਼ਾਹੀ ਤੋਂ, ਇਸ ਗੁੰਡਾਗਰਦੀ ਤੋਂ ਜਿਹੜੀ ਇਨ੍ਹਾਂ ਨੇ ਦੇਸ਼ ਵਿਚ ਮਚਾਈ ਹੋਈ ਹੈ। ਪੁਤਿਨ ਨੇ ਕੀ ਕੀਤਾ ਸਾਰੀ ਵਿਰੋਧੀ ਧਿਰ ਨੂੰ ਜੇਲ ਵਿਚ ਪਾ ਦਿੱਤਾ, ਫਿਰ ਚੋਣਾਂ ਕਰਵਾਈਆਂ। ਇਸ ਨਾਲ ਪੁਤਿਨ ਨੂੰ 87 ਫੀਸਦੀ ਵੋਟਾਂ ਮਿਲੀਆਂ। ਬੰਗਲਾਦੇਸ਼ ਵਿਚ ਸ਼ੇਖ ਹਸੀਨਾ ਨੇ ਕੀ ਕੀਤਾ, ਉਸ ਨੇ ਸਾਰੀ ਵਿਰੋਧੀ ਧਿਰ ਨੂੰ ਜੇਲ ਵਿਚ ਪਾ ਦਿੱਤਾ ਅਤੇ ਜਿੱਤ ਗਈ। ਪਾਕਿਸਤਾਨ ਵਿਚ ਇਮਰਾਨ ਖਾਨ ਨੂੰ ਜੇਲ ਵਿਚ ਸੁੱਟ ਦਿੱਤਾ ਗਿਆ, ਉਸ ਦੀ ਪਾਰਟੀ ਅਤੇ ਸਿੰਬਲ ਖੋਹ ਲਿਆ ਅਤੇ ਜਿੱਤ ਗਏ। ਇਹੋ ਨਰਿੰਦਰ ਮੋਦੀ ਕਰ ਰਹੇ ਹਨ। ਸ਼ਰਦ ਪਵਾਰ ਦੀ ਪਾਰਟੀ ਐੱਨ. ਸੀ. ਪੀ. ਦੇ 2 ਟੁਕੜੇ ਕਰ ਦਿੱਤੇ, ਉਸ ਦੀ ਪਾਰਟੀ ਅਤੇ ਸਿੰਬਲ ਖੋਹ ਲਿਆ। ਸ਼ਿਵ ਸੈਨਾ ਦੇ 2 ਟੁਕੜੇ ਕਰ ਦਿੱਤੇ, ਫਿਰ ਆਖਦੇ ਹਨ ਆ ਜਾਓ ਮਹਾਰਾਸ਼ਟਰ ਵਿਚ ਚੋਣਾਂ ਲੜਦੇ ਹਾਂ। ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ, ਸੰਜੇ ਸਿੰਘ ਤੇ ਸਤਿੰਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਡਾ ਬੈਂਕ ਖਾਤਾ ਫਰੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਹਿੰਦੇ ਹਨ ਆਓ ਚੋਣਾਂ ਲੜਦੇ ਹਾਂ। ਇਸ ਤਰ੍ਹਾਂ ਕਿਵੇਂ ਚੋਣਾਂ ਲੜੀਆਂ ਜਾ ਸਕਦੀਆਂ ਹਨ। ਉਧਰ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੇਸ਼ ਅੰਦਰ ਤਾਨਾਸ਼ਾਹੀ ਲਿਆਂਦੀ ਜਾ ਰਹੀ, ਸਾਰੀ ਵਿਰੋਧੀ ਧਿਰ ਨੂੰ ਜੇਲ ਵਿਚ ਸੁੱਟ ਕੇ ਉਨ੍ਹਾਂ ਦੇ ਬੈਂਕ ਖਾਤੇ ਫਰੀਜ਼ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਸਿਰਫ ਇਕੋ ਆਦਮੀ ਬਚੇਗਾ, ਵਨ ਨੇਸ਼ਨ, ਵਨ ਲੀਡਰ। ਇਕੋ ਪਾਰਟੀ ਬਚੇਗੀ ਅਤੇ ਇਕ ਹੀ ਨੇਤਾ। ਸਾਡਾ ਦੇਸ਼ ਇਹ ਬਰਦਾਸ਼ਤ ਨਹੀਂ ਕਰ ਸਕਦਾ। ਇਸ ਤਾਨਾਸ਼ਾਹੀ ਖ਼ਿਲਾਫ਼ ਮੈਂ ਲੜ ਰਿਹਾ ਹਾਂ। ਚਾਹੇ ਇਹ ਮੈਨੂੰ ਸਾਰੀ ਜ਼ਿੰਦਗੀ ਜੇਲ ਵਿਚ ਰੱਖਣ। ਮੇਰੇ ਖੂਨ ਦਾ ਇਕ-ਇਕ ਕਤਰਾ ਦੇਸ਼ ਲਈ ਹੈ, ਖੁਸ਼ੀ-ਖੁਸ਼ੀ ਜੇਲ ਜਾਵਾਂਗਾ।

ਕੀ ਤੁਹਾਨੂੰ ਦੋਸ਼ੀ ਸਾਬਿਤ ਕਰ ਸਕਣਗੇ?

ਸਾਰਾ ਕੁਝ ਝੂਠ ਹੈ। ਪ੍ਰਧਾਨ ਮੰਤਰੀ ਹਮੇਸ਼ਾ ਇਹ ਕਹਿੰਦੇ ਹਨ ਕਿ ਸ਼ਰਾਬ ਘਪਲੇ ਵਿਚ ਕੇਜਰੀਵਾਲ ਨੇ 100 ਕਰੋੜ ਰੁਪਏ ਦੀ ਰਿਸ਼ਵਤ ਲਈ ਪਰ ਇਹ 100 ਕਰੋੜ ਰੁਪਿਆ ਹੈ ਕਿੱਥੇ? ਕਿਤੇ ਨਹੀਂ ਮਿਲਿਆ। 100 ਕਰੋੜ ਛੱਡੋ 10 ਲੱਖ ਰੁਪਏ ਤਕ ਨਹੀਂ ਮਿਲੇ। ਜੇ 100 ਕਰੋੜ ਦੀ ਰਿਸ਼ਵਤ ਲਈ ਹੈ ਤਾਂ ਕੈਸ਼ ਪਿਆ ਕਿੱਥੇ ਹੋਵੇਗਾ, ਕਿਸੇ ਲਾਕਰ ’ਚ ਹੋਵੇਗਾ, ਸਵਿਸ ਬੈਂਕ ’ਚ ਹੋਵੇਗਾ, ਕਿਤੇ ਗਹਿਣੇ ਖਰੀਦੇ ਹੋਣਗੇ, ਕਿਤੇ ਪ੍ਰਾਪਰਟੀ ਖਰੀਦੀ ਹੋਵੇਗੀ, ਕੁਝ ਤਾਂ ਕੀਤਾ ਹੋਵੇਗਾ। ਕਿਤੇ ਤਾਂ ਪੈਸਾ ਖਰਚਿਆ ਹੋਵੇਗਾ, ਪੈਸਾ ਹਵਾ ’ਚ ਥੋੜ੍ਹਾ ਗਾਇਬ ਹੋ ਗਿਆ। ਮੈਂ ਜਦੋਂ ਇਹ ਗੱਲ ਕੀਤੀ ਤਾਂ ਇਕ ਟੀ. ਵੀ. ਚੈਨਲ ਦੇ ਪੱਤਰਕਾਰ ਨੇ ਮੋਦੀ ਜੀ ਤੋਂ ਪੁੱਛਿਆ ਕਿ ਕੇਜਰੀਵਾਲ ਆਖ ਰਹੇ ਹਨ ਕਿ ਤੁਹਾਡੇ ਕੋਲ ਤਾਂ ਸਬੂਤ ਹੀ ਨਹੀਂ ਹਨ, ਨਾ ਰਿਕਵਰੀ ਹੈ ਤਾਂ ਮੋਦੀ ਜੀ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਸਾਡੇ ਕੋਲ ਸਬੂਤ ਨਹੀਂ ਹਨ, ਨਾ ਰਿਕਵਰੀ ਹੈ ਕਿਉਂਕਿ ਕੇਜਰੀਵਾਲ ਤਜਰਬੇਕਾਰ ਚੋਰ ਹੈ। ਸਾਰੇ ਦੇਸ਼ ਦੇ ਸਾਹਮਣੇ ਮੋਦੀ ਜੀ ਨੇ ਮੰਨਿਆ ਕਿ ਸ਼ਰਾਬ ਘਪਲਾ ਫਰਜ਼ੀ ਹੈ, ਉਨ੍ਹਾਂ ਕੋਲ ਮੇਰੇ ਖ਼ਿਲਾਫ਼ ਸਬੂਤ ਨਹੀਂ ਹਨ। ਸਿਰਫ ਤੇ ਸਿਰਫ ਨਿੱਜੀ ਦੁਸ਼ਮਣੀ ਲਈ ਮੈਨੂੰ ਜੇਲ ਵਿਚ ਡੱਕਿਆ ਗਿਆ ਹੈ, ਸਿਅਾਸੀ ਸਾਜ਼ਿਸ਼ ਰਚੀ ਜਾ ਰਹੀ ਹੈ।

ਤੁਸੀਂ ਬੋਲ ਰਹੇ ਹੋ ਕਿ ਭਾਜਪਾ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ, ਇਹ ਦਾਅਵਾ ਤੁਸੀਂ ਕਿਵੇਂ ਕਰ ਰਹੇ ਹੋ?

ਇਹ ਵਾਰ-ਵਾਰ ਬੋਲ ਰਹੇ ਹਨ ਕਿ ਸਾਨੂੰ 400 ਸੀਟਾਂ ਚਾਹੀਦੀਆਂ ਹਨ। 400 ਚਾਹੀਦੀਆਂ ਕਿਸ ਲਈ ਹਨ, ਸਰਕਾਰ ਤਾਂ 300 ਨਾਲ ਵੀ ਚੱਲ ਸਕਦੀ ਹੈ ਤਾਂ ਲੋਕਾਂ ਨੇ ਇਨ੍ਹਾਂ ਤੋਂ ਪੁੱਛਿਆ ਕਿ 400 ਸੀਟਾਂ ਚਾਹੀਦੀਆਂ ਕਿਉਂ ਹਨ ਤਾਂ ਕਿਹਾ ਗਿਆ ਕਿ ਮੋਦੀ ਜੀ ਕੁਝ ਵੱਡਾ ਕੰਮ ਕਰਨਾ ਚਾਹੁੰਦੇ ਹਨ ਤਾਂ ਅੰਦਰੋਂ ਪਤਾ ਲੱਗਾ ਕਿ ਇਹ ਵੱਡਾ ਕੰਮ ਇਹ ਹੈ ਕਿ ਉਹ ਐੱਸ. ਸੀ., ਐੱਸ. ਟੀ., ਓ. ਬੀ. ਸੀ. ਦਾ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। ਇਸ ਦੀ ਸ਼ੁਰੂਆਤ ਇਨ੍ਹਾਂ ਨੇ ਪਿਛਲੀਆਂ ਚੋਣਾਂ ਵਿਚ ਹੀ ਕਰ ਦਿੱਤੀ ਸੀ। 2019 ’ਚ ਜਨਵਰੀ ਦੌਰਾਨ ਤੁਹਾਨੂੰ ਯਾਦ ਹੋਵੇਗਾ ਕਿ ਇਨ੍ਹਾਂ ਨੇ ਈ. ਡਬਲਯੂ. ਐੱਸ. ਦਾ ਰਾਖਵਾਂਕਰਨ ਸ਼ੁਰੂ ਕੀਤਾ ਸੀ, ਹੁਣ ਇਹ ਐੱਸ. ਸੀ., ਐੱਸ. ਟੀ., ਓ. ਬੀ. ਸੀ. ਦਾ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੇ ਹਨ। ਇਨ੍ਹਾਂ ਨੇ ਪੂਰਾ ਮਨ ਬਣਾ ਲਿਆ ਹੈ ਪਰ ਜਦੋਂ ਤਕ ਕੇਜਰੀਵਾਲ ਜਿਊਂਦਾ ਹੈ ਤੁਹਾਡਾ ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵੇਗਾ।


Harinder Kaur

Content Editor

Related News