13 ’ਚੋਂ 12 ਲੋਕ ਸਭਾ ਸੀਟਾਂ ’ਤੇ ਵਧਿਆ ਭਾਜਪਾ ਦਾ ਵੋਟ ਸ਼ੇਅਰ, ਲੋਕਾਂ ਨੇ ‘ਆਪ’ ਨੂੰ ਨਕਾਰਿਆ : ਵਿਨੀਤ ਜੋਸ਼ੀ

06/07/2024 4:32:28 PM

ਚੰਡੀਗੜ੍ਹ (ਅੰਕੁਰ) : ਪੰਜਾਬ ਦੀਆਂ ਲੋਕ ਸਭਾ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ’ਚ ਭਾਜਪਾ ਪ੍ਰਤੀ ਭਰੋਸਾ ਵਧਣ ਲੱਗਿਆ ਹੈ। ਬੇਸ਼ੱਕ ਇਸ ਵਾਰ ਪਾਰਟੀ 13 ’ਚੋਂ ਕੋਈ ਵੀ ਸੀਟ ਨਹੀਂ ਜਿੱਤ ਸਕੀ ਪਰ ਵਧੀ ਹੋਈ ਵੋਟ ਪ੍ਰਤੀਸ਼ਤਤਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ’ਚ ਦਿਨੋਂ-ਦਿਨ ਮਜ਼ਬੂਤ ਹੋ ਕੇ ਭਾਜਪਾ ਨੇ ਸਿਆਸੀ ਅੰਗੜਾਈ ਲਈ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਲੋਕ ਸਭਾ ਚੋਣਾਂ ਦੇ ਅੰਕੜਿਆਂ ਦੇ ਆਧਾਰ ’ਤੇ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੂਬੇ ’ਚ ਸਭ ਤੋਂ ਵੱਧ ਸਿਆਸੀ ਉਭਾਰ ਕਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਭਾਜਪਾ ਦੀ ਵੋਟ ਪ੍ਰਤੀਸ਼ਤਤਾ ਲਗਭਗ ਤਿੰਨ ਗੁਣਾ ਵਧੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 6.6 ਫੀਸਦੀ ਵੋਟਾਂ ਮਿਲੀਆਂ ਸਨ ਜਦਕਿ ਇਨ੍ਹਾਂ ਲੋਕ ਸਭਾ ਚੋਣਾਂ ’ਚ ਤਕਰੀਬਨ 18.56% ਵੋਟਾਂ ਪਈਆਂ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਾਰਟੀ ਆਪਣਾ ਸੁਨੇਹਾ ਲੋਕਾਂ ਤਕ ਪਹੁੰਚਾਉਣ ’ਚ ਕਾਮਯਾਬ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦੇਵੇਗੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡੇ ਫੇਰਬਦਲ ਦੀ ਤਿਆਰੀ ’ਚ ਭਾਜਪਾ ਹਾਈਕਮਾਨ, ਕਈਆਂ ਦੇ ਖੁੱਸ ਜਾਣਗੇ ਅਹੁਦੇ ਤਾਂ ਕਈਆਂ ਦੀ ਸੁਰੱਖਿਆ

ਜੋਸ਼ੀ ਨੇ ਕਿਹਾ ਕਿ ਲੋਕਾਂ ਨੇ ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। ਇਨ੍ਹਾਂ ਲੋਕ ਸਭਾ ਚੋਣਾਂ ’ਚ ਸੂਬੇ ਦੇ ਸਾਰੇ 13 ਲੋਕ ਸਭਾ ਹਲਕਿਆਂ ’ਚ ‘ਆਪ’ ਦੀ ਵੋਟ ਪ੍ਰਤੀਸ਼ਤਤਾ ’ਚ ਕਮੀ ਆਈ ਹੈ। ਇਹ ਹੋਰ ਗੱਲ ਹੈ ਕਿ ਉਹ 3 ਸੀਟਾਂ ਜਿੱਤਣ ’ਚ ਕਾਮਯਾਬ ਰਹੀ ਪਰ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਾਰਟੀ ਆਪਣੇ 8 ਮੰਤਰੀਆਂ ਦੇ ਚੱਕਰ ’ਚ ਹਾਰ ਗਈ। ਇਹ ਚੋਣਾਂ ਲੜਨ ਵਾਲੇ ਉਨ੍ਹਾਂ ਦੇ 4 ਮੰਤਰੀ ਬੁਰੀ ਤਰ੍ਹਾਂ ਹਾਰ ਗਏ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹਰ ਸੀਟ ’ਤੇ ਜਾ ਕੇ ਇਹੀ ਕਹਿ ਰਹੇ ਹਨ ਕਿ ਉਹ ਆਪਣੇ ਕੰਮਾਂ ਲਈ ਵੋਟਾਂ ਮੰਗ ਰਹੇ ਹਨ। ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ 13 ’ਚੋਂ ਸਿਰਫ਼ 3 ਸੀਟਾਂ ਦੇ ਕੇ ਜਵਾਬ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ਦਾ ਬੂਥ ਲਾਉਣ ਦੀ ਰੰਜਿਸ਼ ’ਚ ਕੱਖਾਂਵਾਲੀ ਵਿਖੇ ਇਕ ਵਿਅਕਤੀ ਦਾ ਕਤਲ, ਭਰਾ ਜ਼ਖ਼ਮੀ

* ਹੁਣ ਪੰਜਾਬ ’ਚ ਭਾਜਪਾ ਦਾ ਰੁਤਬਾ ਵਧਿਆ
ਜੋਸ਼ੀ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਪੰਜਾਬ ’ਚ ਜੇਕਰ ਕਿਸੇ ਪਾਰਟੀ ਨੂੰ ਫਾਇਦਾ ਹੋਇਆ ਹੈ ਤਾਂ ਉਹ ਭਾਜਪਾ ਹੈ। ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ’ਚ 1 ਲੱਖ 55 ਹਜ਼ਾਰ, ਸ੍ਰੀ ਅਨੰਦਪੁਰ ਸਾਹਿਬ ’ਚ 93 ਹਜ਼ਾਰ, ਬਠਿੰਡਾ ’ਚ 80 ਹਜ਼ਾਰ ਤੇ ਫਰੀਦਕੋਟ ’ਚ 1.01 ਲੱਖ ਵੋਟਾਂ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕਈ ਹੋਰ ਸੀਟਾਂ ’ਤੇ ਵੋਟ ਸ਼ੇਅਰ ਵਧ ਕੇ ਇਕ ਲੱਖ ਹੋ ਗਿਆ ਹੈ। ਹੁਣ ਭਾਜਪਾ ਹੀ ਅਜਿਹੀ ਪਾਰਟੀ ਰਹਿ ਗਈ ਹੈ, ਜਿਸ ਨੂੰ ਸੂਬੇ ਦੇ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ।

ਇਸ ਮੌਕੇ ਜੋਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਦਿੱਲੀ ’ਚ ਵੀ ਆਮ ਆਦਮੀ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੀ। ਉੱਥੇ ਭਾਜਪਾ ਨੇ ਸਾਰੀਆਂ 7 ਸੀਟਾਂ ਜਿੱਤੀਆਂ ਹਨ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਉਥੋਂ ਦੇ ਲੋਕਾਂ ਨੇ ਵੀ ਕੇਜਰੀਵਾਲ ਨੂੰ ਨਕਾਰ ਦਿੱਤਾ ਹੈ। ਸੂਬੇ ਦੇ ਲੋਕ ਸਮਝ ਗਏ ਹਨ ਕਿ ਕੇਜਰੀਵਾਲ ਭ੍ਰਿਸ਼ਟ ਤੇ ਝੂਠਾ ਹੈ। ਲੋਕਾਂ ਨੇ ਇਹ ਵੀ ਸਵੀਕਾਰ ਕਰ ਲਿਆ ਹੈ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ’ਚ ਵੀ ਸ਼ਾਮਲ ਹੈ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News