ਪੰਜਾਬ ’ਚ ਕਾਂਗਰਸ ਨੇ ਦਿਖਾਇਆ ਦਮ, 7 ਸੀਟਾਂ ’ਤੇ ਲਹਿਰਾਇਆ ਝੰਡਾ, 'ਆਪ' ਨੂੰ ਮਿਲੀਆਂ 3 ਸੀਟਾਂ

06/05/2024 1:48:35 PM

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ’ਚ ਕਾਂਗਰਸ ਦੀ ਕਾਰਗੁਜ਼ਾਰੀ ਹੈਰਾਨ ਕਰਨ ਵਾਲੀ ਰਹੀ, ਜਿਸ ਨੇ 7 ਸੀਟਾਂ ’ਤੇ ਜਿੱਤ ਦਰਜ ਕਰ ਕੇ ਆਪਣਾ ਦਮ-ਖਮ ਦਿਖਾਇਆ ਅਤੇ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਤਕ ਸਮੇਟ ਦਿੱਤਾ। ਪੁਰਾਣੇ ਗੱਠਜੋੜ ਸਹਿਯੋਗੀ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਵੀ ਹੈਰਾਨ ਕਰਨ ਵਾਲੀ ਰਹੀ ਕਿਉਂਕਿ ਸ਼੍ਰੋਅਦ ਸਿਰਫ ਇਕ ਸੀਟ ’ਤੇ ਸਿਮਟ ਗਈ, ਜਦੋਂਕਿ ਭਾਜਪਾ ਦਾ ਵੋਟ ਸ਼ੇਅਰ 18 ਫ਼ੀਸਦੀ ਤਕ ਪਹੁੰਚ ਜਾਣ ਦੇ ਬਾਵਜੂਦ ਇਕ ਵੀ ਸੀਟ ਜਿੱਤਣਾ ਸੰਭਵ ਨਹੀਂ ਹੋ ਸਕਿਆ। ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਲੋਕ ਸਭਾ ਦੇ ਮੈਦਾਨ ਨੂੰ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਦੂਜੀ ਹੈਰਾਨ ਕਰਨ ਵਾਲੀ ਸੀਟ ਰਹੀ ਫਰੀਦਕੋਟ, ਜਿੱਥੇ ਆਜ਼ਾਦ ਉਮੀਦਵਾਰ ਵਜੋਂ ਉਤਰੇ ਸਰਬਜੀਤ ਸਿੰਘ ਖਾਲਸਾ ਨੂੰ ਵੋਟਰਾਂ ਨੇ 70 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਸੰਸਦ ਵਿਚ ਭੇਜਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ

ਪੰਜਾਬ ਕਾਂਗਰਸ ਆਪਣੀਆਂ 2019 ਲੋਕ ਸਭਾ ’ਚ ਜਿੱਤੀਆਂ ਹੋਈਆਂ ਸੀਟਾਂ ਵਿਚੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਤਹਿਗੜ੍ਹ ਸਾਹਿਬ ਬਚਾਉਣ ’ਚ ਕਾਮਯਾਬ ਰਹੀ, ਜਦੋਂ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਕ੍ਰਮਵਾਰ ਭਾਜਪਾ ਤੇ ਸ਼੍ਰੋਅਦ ਤੋਂ ਖੋਹਣ ਵਿਚ ਸਫ਼ਲ ਰਹੀ। ਅੰਮ੍ਰਿਤਸਰ ’ਚ ਸਾਬਕਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ 40,301 ਵੋਟਾਂ ਨਾਲ ਹਰਾਇਆ। ਫਿਰੋਜ਼ਪੁਰ ’ਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ‘ਆਪ’ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 3,242 ਵੋਟਾਂ ਨਾਲ ਹਰਾਇਆ।ਚਰਨਜੀਤ ਸਿੰਘ ਚੰਨੀ ਨੇ ਜਲੰਧਰ ਸੀਟ ਦੂਜੇ ਸਭ ਤੋਂ ਵੱਧ ਫ਼ਰਕ ਨਾਲ ਜਿੱਤੀ ਅਤੇ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 1,75,993 ਵੋਟਾਂ ਨਾਲ ਹਰਾਇਆ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਤੋਂ ਭਾਜਪਾ ਦੇ ਰਵਨੀਤ ਬਿੱਟੂ ਨੂੰ 20,942 ਵੋਟਾਂ ਨਾਲ ਹਰਾ ਕੇ ਸੰਸਦ ਵਿਚ ਜਾਣਗੇ। ਫਤਹਿਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਅਤੇ ‘ਆਪ’ ਦੇ ਗੁਰਪ੍ਰੀਤ ਸਿੰਘ ਜੀ. ਪੀ. ਨੂੰ 34,202 ਵੋਟਾਂ ਨਾਲ ਹਰਾਇਆ। ਪਟਿਆਲਾ ਸੀਟ ਤੋਂ ਡਾ. ਧਰਮਵੀਰ ਗਾਂਧੀ ਨੇ ‘ਆਪ’ ਉਮੀਦਵਾਰ ਕੈਬਨਿਟ ਮੰਤਰੀ ਬਲਬੀਰ ਸਿੰਘ ਨੂੰ 14,831 ਵੋਟਾਂ ਨਾਲ ਹਰਾਇਆ। ਰਾਜਸਥਾਨ ਦੇ ਕਾਂਗਰਸ ਇੰਚਾਰਜ ਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਦੇ ਦਿਨੇਸ਼ ਕੁਮਾਰ ਬੱਬੂ ਨੂੰ 82 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਕਾਂਗਰਸ 13 ਵਿਚੋਂ 4 ਸੀਟਾਂ ’ਤੇ ਦੂਜੇ ਨੰਬਰ ’ਤੇ ਵੀ ਰਹੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ 'ਚ 2 ਨੌਜਵਾਨਾਂ ਦੋਸਤਾਂ ਦੀ ਮੌਤ, ਇਕ ਦੇ ਵਿਆਹ ਦੀਆਂ ਹੋ ਰਹੀਆਂ ਸੀ ਤਿਆਰੀਆਂ

ਸਭ ਤੋਂ ਵੱਧ ਵੋਟਾਂ ਨਾਲ ਅੰਮ੍ਰਿਤਪਾਲ ਨੇ ਦਰਜ ਕੀਤੀ ਜਿੱਤ

ਸੂਬੇ ਦੀਆਂ 13 ਸੀਟਾਂ ’ਤੇ ਆਏ ਨਤੀਜਿਆਂ ’ਚ ਖਡੂਰ ਸਾਹਿਬ ਸੀਟ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਨੇ ਸੂਬੇ ’ਚ ਸਭ ਤੋਂ ਵੱਧ ਭਾਵ 1,97,120 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਨੂੰ ਹਰਾਇਆ। ਇਸੇ ਤਰ੍ਹਾਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ।

ਜਿੱਤ ਦੇ ਫਰਕ ਨਾਲੋਂ ਜ਼ਿਆਦਾ ਨੋਟਾ ਨੂੰ ਵੋਟ

ਸੂਬੇ ਦੀ ਫਿਰੋਜ਼ਪੁਰ ਸੀਟ ਇਕੋ-ਇਕ ਅਜਿਹੀ ਸੀਟ ਰਹੀ, ਜਿੱਥੇ ਜਿੱਤ ਦਾ ਫ਼ਰਕ 5 ਹਜ਼ਾਰ ਤੋਂ ਵੀ ਘੱਟ ਭਾਵ 3,242 ਵੋਟਾਂ ਦਾ ਰਿਹਾ। ਦਿਲਚਸਪ ਗੱਲ ਇਹ ਹੈ ਕਿ ਫਿਰੋਜ਼ਪੁਰ ਸੀਟ ਦੇ 6100 ਵੋਟਰਾਂ ਨੇ ਨੋਟਾ ਭਾਵ ਉਪਰੋਕਤ ਵਿਚੋਂ ਕੋਈ ਵੀ ਉਮੀਦਵਾਰ ਪਸੰਦ ਨਹੀਂ, ਦਾ ਬਟਨ ਦਬਾਇਆ। ਇਹ ਜਿੱਤ ਦੇ ਫ਼ਰਕ ਨਾਲੋਂ ਤਕਰੀਬਨ ਦੁੱਗਣਾ ਰਿਹਾ। ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਗਏ ਭਗਵੰਤ ਮਾਨ ਕੈਬਨਿਟ ਦੇ 5 ਮੰਤਰੀਆਂ ਵਿਚੋਂ ਸਿਰਫ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਦਰਜ ਕਰ ਸਕੇ। ਸੰਗਰੂਰ ਤੋਂ ਉਨ੍ਹਾਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 1,72,560 ਵੋਟਾਂ ਦੇ ਫ਼ਰਕ ਨਾਲ ਹਰਾਇਆ। ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਨੂੰ 10,846 ਵੋਟਾਂ ਨਾਲ ਹਰਾਇਆ, ਜਦੋਂਕਿ ਕਾਂਗਰਸ ’ਚੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਡਾ. ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸੀ ਉਮੀਦਵਾਰ ਯਾਮਿਨੀ ਗੋਮਰ ਨੂੰ 44,111 ਵੋਟਾਂ ਦੇ ਫ਼ਰਕ ਨਾਲ ਹਰਾਇਆ। ਆਮ ਆਦਮੀ ਪਾਰਟੀ ਸੂਬੇ ਦੀਆਂ 13 ਵਿਚੋਂ 6 ਸੀਟਾਂ ’ਤੇ ਦੂਜੇ ਨੰਬਰ ’ਤੇ ਵੀ ਰਹੀ। ਸ਼੍ਰੋਮਣੀ ਅਕਾਲੀ ਦਲ ਆਪਣਾ ਗੜ੍ਹ ਬਠਿੰਡਾ ਸੀਟ ਬਚਾਉਣ ’ਚ ਕਾਮਯਾਬ ਰਿਹਾ, ਜਿੱਥੇ ਹਰਸਿਮਰਤ ਕੌਰ ਬਾਦਲ ਨੇ ‘ਆਪ’ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਨਾਲ ਹਰਾਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News