''ਇੰਡੀਆ'' ਗਠਜੋੜ ਆਪਣੇ ਵੋਟ ਬੈਂਕ ਲਈ ਕਰ ਰਿਹਾ ਹੈ ''ਗੁਲਾਮੀ'' ਅਤੇ ''ਮੁਜਰਾ'' : PM ਮੋਦੀ

Saturday, May 25, 2024 - 02:15 PM (IST)

ਪਟਨਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਗਠਜੋੜ 'ਇੰਡੀਆ' 'ਤੇ ਸ਼ਨੀਵਾਰ ਨੂੰ ਤਿੱਖਾ ਹਮਲਾ ਕੀਤਾ ਅਤੇ ਉਸ 'ਤੇ ਮੁਸਲਿਮ ਵੋਟ ਬੈਂਕ ਲਈ 'ਗੁਲਾਮੀ' ਅਤੇ 'ਮੁਜਰਾ' ਕਰਨ ਦਾ ਦੋਸ਼ ਲਗਾਇਆ। ਪ੍ਰਧਾਨ ਮੰਤਰੀ ਨੇ ਇਥੋਂ ਲਗਭਗ 40 ਕਿਲੋਮੀਟਰ ਦੂਰ ਪਾਟਲੀਪੁੱਤਰ ਲੋਕ ਸਭਾ ਖੇਤਰ 'ਚ ਇਕ ਰੈਲੀ 'ਚ ਵਿਰੋਧੀ ਧਿਰ 'ਤੇ ਤਿੱਖਾ ਹਮਲਾ ਕੀਤਾ ਅਤੇ ਘੱਟ ਗਿਣਤੀ ਸੰਸਥਾਵਾਂ 'ਚ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪਿਛੜਾ ਵਰਗ ਨੂੰ 'ਰਾਖਵਾਂਕਰਨ ਤੋਂ ਵਾਂਝੇ' ਕਰਨ ਲਈ ਰਾਜਦ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ,''ਬਿਹਾਰ ਉਹ ਜ਼ਮੀਨ ਹੈ, ਜਿਸ ਨੇ ਸਮਾਜਿਕ ਨਿਆਂ ਦੀ ਲੜਾਈ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਮੈਂ ਇਸ ਦੀ ਧਰਤੀ 'ਤੇ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੈਂ ਐੱਸ.ਸੀ., ਐੱਸ.ਟੀ. ਅਤੇ ਓਬੀਸੀ ਦੇ ਅਧਿਕਾਰਾਂ ਨੂੰ ਲੁੱਟਣ ਅਤੇ ਉਨ੍ਹਾਂ ਨੂੰ ਮੁਸਲਮਾਨਾਂ ਨੂੰ ਦੇਣ ਨੂੰ 'ਇੰਡੀਆ' ਗਠਜੋੜ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰ ਦੇਵਾਂਗਾ। ਉਹ ਗੁਲਾਮ ਬਣੇ ਰਹਿ ਸਕਦੇ ਹਨ ਅਤੇ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ 'ਮੁਜਰਾ' ਕਰ ਸਕਦੇ ਹਨ।''

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਵਿਰੋਧੀ ਧਿਰ ਗਠਜੋੜ ਉਨ੍ਹਾਂ ਲੋਕਾਂ ਦੇ ਸਮਰਥਨ 'ਤੇ ਭਰੋਸਾ ਕਰ ਰਿਹਾ ਹੈ, ਜੋ 'ਵੋਟ ਜਿਹਾਦ' 'ਚ ਸ਼ਾਮਲ ਹਨ, ਨਾਲ ਹੀ ਉਨ੍ਹਾਂ ਨੇ ਕਲਕੱਤਾ ਹਾਈ ਕੋਰਟ ਦੇ ਆਦੇਸ਼ ਦਾ ਹਵਾਲਾ ਦਿੱਤਾ, ਜਿਸ 'ਚ ਕਈ ਮੁਸਲਿਮ ਸਮੂਹਾਂ ਨੂੰ ਓਬੀਸੀ ਦੀ ਸੂਚੀ 'ਚ ਸ਼ਾਮਲ ਕਰਨ ਦੇ ਪੱਛਮੀ ਬੰਗਾਲ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਮੋਦੀ ਭਾਜਪਾ ਸੰਸਦ ਮੈਂਬਰ ਰਾਮ ਕ੍ਰਿਪਾਲ ਯਾਦਵ ਦੇ ਪੱਖ 'ਚ ਪ੍ਰਚਾਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਵਿਅੰਗਮਈ ਟਿੱਪਣੀ ਕੀਤੀ,''ਕਈ ਲੋਕਾਂ ਦਾ ਭਗਵਾਨ ਰਾਮ ਨਾਲ ਇੰਨਾ ਝਗੜਾ ਹੈ ਕਿ ਉਹ ਰਾਮਕ੍ਰਿਪਾਲ ਦੇ ਨਾਂ 'ਤੇ ਵੀ ਭੜਕ ਰਹੇ ਹਨ।'' ਮੋਦੀ ਨੇ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦਾ ਨਾਂ ਲਏ ਬਿਨਾਂ ਅਸਿੱਧੇ ਤੌਰ 'ਤੇ ਮਜ਼ਾਕ ਉਡਾਇਆ ਅਤੇ ਕਿਹਾ,''ਐੱਲ.ਈ.ਡੀ. ਬਲਬ ਦੇ ਦੌਰ 'ਚ ਉਹ ਲਾਲਟੈਨ ਲੈ ਕੇ ਘੁੰਮ ਰਹੇ ਹਨ, ਜਿਸ ਨਾਲ ਸਿਰਫ਼ ਉਨ੍ਹਾਂ ਦਾ ਘਰ ਰੌਸ਼ਨ ਹੁੰਦਾ ਹੈ ਅਤੇ ਪੂਰੇ ਬਿਹਾਰ ਨੂੰ ਹਨ੍ਹੇਰੇ 'ਚ ਰੱਖਿਆ ਜਾਂਦਾ ਹੈ।'' ਦੱਸਣਯੋਗ ਹੈ ਕਿ ਪ੍ਰਸਾਦ ਦੀ ਧੀ ਮੀਸਾ ਭਾਰਤੀ ਲਗਾਤਾਰ ਤੀਜੀ ਵਾਰ ਪਾਟਲੀਪੁੱਤਰ ਤੋਂ ਆਪਣੀ ਕਿਸਮਤ ਅਜਮਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News