ਬਿਹਾਰ ਦੇ ‘ਰਾਜਕੁਮਾਰ’ ’ਚ ਹੰਕਾਰ ਨਾ ਹੁੰਦਾ ਤਾਂ ‘ਇੰਡੀਆ’ 40 ’ਚੋਂ ਜਿੱਤ ਜਾਂਦਾ 25 ਸੀਟਾਂ : ਪੱਪੂ ਯਾਦਵ

06/09/2024 3:36:08 PM

ਨੈਸ਼ਨਲ ਡੈਸਕ- ਬਿਹਾਰ ਦੀ ਪੂਰਨੀਆ ਸੀਟ ਤੋਂ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਚੋਣਾਂ ’ਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਨਵੇਂ ਚੁਣੇ ਗਏ ਸੰਸਦ ਮੈਂਬਰ ਪੱਪੂ ਯਾਦਵ ਸ਼ਨੀਵਾਰ ਨੂੰ ਪਟਨਾ ਤੋਂ ਦਿੱਲੀ ਲਈ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨੇ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਰਾਜਕੁਮਾਰ ’ਚ ਜੇਕਰ ਹੰਕਾਰ ਨਾ ਹੁੰਦਾ ਤਾਂ ‘ਇੰਡੀਆ’ ਗੱਠਜੋੜ ਸੂਬੇ ਦੀਆਂ 40 ’ਚੋਂ 25 ਸੀਟਾਂ ਜਿੱਤ ਸਕਦਾ ਸੀ। ਪੱਪੂ ਯਾਦਵ ਨੇ ਸਵਾਲ ਪੁੱਛਿਆ ਕਿ ਬਿਹਾਰ ’ਚ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਾਂਗ ਚੋਣਾਂ ਕਿਉਂ ਨਹੀਂ ਲੜੀਆਂ ਗਈਆਂ? ਉਨ੍ਹਾਂ ਕਿਹਾ ਕਿ ਯੂ. ਪੀ. ’ਚ ਅਖਿਲੇਸ਼ ਯਾਦਵ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਲਗਾਤਾਰ ਸੰਘਰਸ਼ ਕਰਦੇ ਨਜ਼ਰ ਆਏ। ਜਿੱਥੇ-ਜਿੱਥੇ ਰਾਹੁਲ ਆਪਣੀ ਯਾਤਰਾ ’ਚ ਗਏ ਹਨ, ਉਥੋਂ ਦੇ ਚੋਣ ਨਤੀਜੇ ਦੇਖ ਲਵੋ।

ਮੀਸਾ ਭਾਰਤੀ ਲਈ ਵੀ ਰਾਹੁਲ ਨੇ ਵੋਟਾਂ ਮੰਗੀਆਂ ਅਤੇ ਤੁਸੀਂ ਉੱਥੇ ਨਤੀਜੇ ਦੇਖ ਸਕਦੇ ਹੋ। ਇਸ ਦੌਰਾਨ ਪੱਪੂ ਯਾਦਵ ਨੇ ਮਧੇਪੁਰਾ, ਕਟਿਹਾਰ, ਸੁਪੌਲ, ਖਗੜੀਆ ਸਮੇਤ ਕਈ ਸੀਟਾਂ ’ਤੇ ‘ਇੰਡੀਆ’ ਗੱਠਜੋੜ ਦੀ ਹਾਰ ’ਤੇ ਸਵਾਲ ਖੜ੍ਹੇ ਕੀਤੇ। ਦੱਸ ਦੇਈਏ ਕਿ ਪਾਟਲੀਪੁੱਤਰ ’ਚ ਰਾਹੁਲ ਗਾਂਧੀ ਨੇ 27 ਮਈ ਨੂੰ ਰਾਸ਼ਟਰੀ ਜਨਤਾ ਦਲ ਦੀ ਉਮੀਦਵਾਰ ਮੀਸਾ ਭਾਰਤੀ ਦੇ ਹੱਕ ’ਚ ਚੋਣ ਰੈਲੀ ਕੀਤੀ ਸੀ। ਪੱਪੂ ਯਾਦਵ ਨੇ ਅੱਗੇ ਕਿਹਾ ਕਿ ਕੇਂਦਰ ਵਿਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਹੀਂ, ਸਗੋਂ ਐੱਨ. ਡੀ. ਏ. ਦੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨਿਤੀਸ਼ ਕੁਮਾਰ ਅਤੇ ਚਿਰਾਗ ਪਾਸਵਾਨ ਦੇ ਰਹਿਮੋ-ਕਰਮ ’ਤੇ ਚੱਲੇਗੀ। ਇਸ ਲਈ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੇਸ਼ ’ਚ 69 ਫੀਸਦੀ ਰਾਖਵਾਂਕਰਨ ਲਾਗੂ ਕਰਵਾਇਆ ਜਾਵੇ। ਦੂਜਾ, ਜਾਤੀ ਜਨਗਣਨਾ ਲਾਗੂ ਕਰਨਾ ਅਤੇ ਤੀਜਾ, ਬਿਹਾਰ ਲਈ ਵਿਸ਼ੇਸ਼ ਦਰਜਾ ਅਤੇ ਵਿਸ਼ੇਸ਼ ਪੈਕੇਜ। ਇਸ ਤੋਂ ਇਲਾਵਾ ਬਿਹਾਰ ਦੇ ਵਿਕਾਸ ’ਤੇ ਜ਼ੋਰ ਦਿੱਤਾ ਜਾਵੇ ਅਤੇ ਇੱਥੋਂ ਪ੍ਰਵਾਸ ਨੂੰ ਕਿਵੇਂ ਰੋਕਿਆ ਜਾਵੇ, ਇਸ ’ਤੇ ਕੰਮ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News