ਕਾਂਗਰਸ ਦਾ ਦਾਅਵਾ, ਘੱਟੋ -ਘੱਟ 300 ਸੀਟਾਂ ਜਿੱਤੇਗਾ ‘ਇੰਡੀਆ’ ਗੱਠਜੋੜ

Friday, May 24, 2024 - 05:34 PM (IST)

ਕਾਂਗਰਸ ਦਾ ਦਾਅਵਾ, ਘੱਟੋ -ਘੱਟ 300 ਸੀਟਾਂ ਜਿੱਤੇਗਾ ‘ਇੰਡੀਆ’ ਗੱਠਜੋੜ

ਨੈਸ਼ਨਲ ਡੈਸਕ- ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ‘ਇੰਡੀਆ’ ਗੱਠਜੋੜ ਨੂੰ ਘੱਟੋ-ਘੱਟ 300 ਸੀਟਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਅਸੀਂ ਦੱਖਣੀ ਭਾਰਤ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਰਿਆਂ ਨੇ ਕਿਹਾ ਕਿ ਭਾਜਪਾ ਉੱਤਰ ਭਾਰਤ ’ਚ ਜਿੱਤ ਦਾ ਝੰਡਾ ਲਹਿਰਾਉਣ ਜਾ ਰਹੀ ਹੈ ਜਾਂ ਉਹੀ ਨੰਬਰ ਦੁਹਰਾਏਗੀ ਪਰ ਅਜਿਹਾ ਬਿਲਕੁਲ ਨਹੀਂ ਹੋਣ ਵਾਲਾ ਹੈ। ਸਾਡੀ ਅੰਦਰੂਨੀ ਰਿਪੋਰਟ ਬਹੁਤ ਸਪੱਸ਼ਟ ਹੈ ਕਿ ਰਾਜਸਥਾਨ, ਹਰਿਆਣਾ, ਯੂ. ਪੀ., ਬਿਹਾਰ, ਮਹਾਰਾਸ਼ਟਰ, ਦਿੱਲੀ ਆਦਿ ਇਨ੍ਹਾਂ ਸਾਰੀਆਂ ਥਾਵਾਂ ’ਤੇ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਨੂੰ ਵੱਧ ਸੀਟਾਂ ਮਿਲਣਗੀਆਂ। ‘ਇੰਡੀਆ’ ਗੱਠਜੋੜ ਸਪੱਸ਼ਟ ਤੌਰ ’ਤੇ ਜਿੱਤ ਦੀ ਸਥਿਤੀ ਵਿਚ ਹੈ।

ਭਾਜਪਾ ਨੂੰ ਸੰਵਿਧਾਨ ਬਦਲਣ ਲਈ ਚਾਹੀਦੀਆਂ 400 ਸੀਟਾਂ

ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਰਗੇ ਕੱਦ ਦੇ ਕਿਸੇ ਵਿਅਕਤੀ ਵੱਲੋਂ ਕਦੇ ਵੀ ਇਸ ਤਰ੍ਹਾਂ ਦੀ ਨੀਵੇਂ ਪੱਧਰ ਦੀ ਟਿੱਪਣੀ ਨਹੀਂ ਕੀਤੀ ਗਈ ਹੈ। ਸਿਰਫ਼ ਇਕ ਨਿਰਾਸ਼ ਵਿਅਕਤੀ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦਾ ਹੈ। ਲੋਕ ਜਾਣਦੇ ਹਨ ਕਿ ਉਹ ਝੂਠ ਬੋਲ ਰਹੇ ਹਨ। ਉਹ ਝੂਠੀਆਂ ਕਹਾਣੀਆਂ ਨਾਲ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਹਰ ਵਾਰ ਦੇਸ਼ ਨੂੰ ਗੁੰਮਰਾਹ ਨਹੀਂ ਕਰ ਸਕਦੇ। ਭਾਜਪਾ ਦੇ ਸੰਸਦ ਮੈਂਬਰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੰਵਿਧਾਨ ਬਦਲਣ ਲਈ 400 ਸੀਟਾਂ ਚਾਹੀਦੀਆਂ ਹਨ। ਇਹ ਸਰਕਾਰ ਲੋਕਤੰਤ੍ਰਿਕ ਸਰਕਾਰ ਨਹੀਂ ਹੈ।

ਕੇ. ਸੀ. ਵੇਣੂਗੋਪਾਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਨ੍ਹਾਂ ਸਾਡੇ ਚੋਣ ਮਨੋਰਥ ਪੱਤਰ ਲਈ ਬਹੁਤ ਪ੍ਰਚਾਰ ਕੀਤਾ ਹੈ। ਭਾਵੇਂ ਕਿ ਉਹ ਚੋਣ ਮਨੋਰਥ ਪੱਤਰ ਦੀ ਝੂਠੀ ਕਹਾਣੀ ਘੜ ਰਹੇ ਹੋਣ। ਉਨ੍ਹਾਂ ਕਿਹਾ ਕਿ ਅਸੀਂ ਰਾਏਬਰੇਲੀ ਨੂੰ ਭਾਰੀ ਬਹੁਮਤ ਨਾਲ ਜਿੱਤਾਂਗੇ ਅਤੇ ਯਕੀਨੀ ਤੌਰ ’ਤੇ ਅਮੇਠੀ ਨੂੰ ਵਾਪਸ ਲਿਆਵਾਂਗੇ। ਜ਼ਮੀਨੀ ਰਿਪੋਰਟ ਬਹੁਤ ਸਪੱਸ਼ਟ ਹੈ ਕਿ ਦੋਵੇਂ ਸੀਟਾਂ ਕਾਂਗਰਸ ਦੀਆਂ ਹੋਣਗੀਆਂ। ਅਸੀਂ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਗਿਣਤੀ ਨੂੰ ਬਹੁਤ ਘੱਟ ਕਰਨ ਜਾ ਰਹੇ ਹਾਂ। ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਉਨ੍ਹਾਂ ਸੀਟਾਂ ’ਤੇ ਬਹੁਤ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ’ਤੇ ਅਗਲੇ ਦੋ ਪੜਾਵਾਂ ’ਚ ਚੋਣ ਹੋਣ ਜਾ ਰਹੀ ਹੈ।

ਪੰਜਾਬ ਅਤੇ ਹਿਮਾਚਲ ’ਚ ਵੀ ਕਰਨਗੇ ਵਧੀਆ ਪ੍ਰਦਰਸ਼ਨ

ਸਾਡੇ ਉਮੀਦਵਾਰ, ਪਾਰਟੀ ਮਸ਼ੀਨਰੀ, ਗੱਠਜੋੜ ਮਸ਼ੀਨਰੀ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਵਧੀਆ ਕੰਮ ਕਰ ਰਹੀ ਹੈ। ਸਾਨੂੰ ਵੱਧ ਤੋਂ ਵੱਧ ਸੀਟਾਂ ਜਿੱਤਣ ਦਾ ਭਰੋਸਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪੰਜਾਬ ’ਚ ਵੀ ਸਾਨੂੰ ਬਹੁਮਤ ਮਿਲੇਗਾ। ਅਸੀਂ ਹਿਮਾਚਲ ’ਚ ਵੀ ਬਿਹਤਰ ਪ੍ਰਦਰਸ਼ਨ ਕਰਨ ਜਾ ਰਹੇ ਹਾਂ। ਅਸੀਂ ਚੰਗੇ ਨਤੀਜੇ ਦੀ ਉਮੀਦ ਕਰ ਰਹੇ ਹਾਂ। ਸਾਡਾ ਉਦੇਸ਼ ਇਸ ਤਾਨਾਸ਼ਾਹੀ, ਲੋਕਤੰਤਰ ਵਿਰੋਧੀ ਸਰਕਾਰ ਨੂੰ ਕੇਂਦਰ ਤੋਂ ਹਟਾਉਣਾ ਹੈ।


author

Rakesh

Content Editor

Related News