''ਇੰਡੀਆ'' ਗਠਜੋੜ ਦੇ ਨੇਤਾ ਅੱਜ ਸ਼ਾਮ ਕਰਨਗੇ ਬੈਠਕ, ਸਰਕਾਰ ਦੇ ਗਠਨ ਨੂੰ ਲੈ ਕੇ ਹੋ ਸਕਦੀ ਹੈ ਚਰਚਾ
Wednesday, Jun 05, 2024 - 12:32 PM (IST)
ਨਵੀਂ ਦਿੱਲੀ (ਭਾਸ਼ਾ)- ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਘਟਕ ਦਲਾਂ ਦੇ ਮੁੱਖ ਨੇਤਾ ਬੁੱਧਵਾਰ ਸ਼ਾਮ ਬੈਠਕ ਕਰ ਕੇ ਸਰਕਾਰ ਗਠਨ ਦੀਆਂ ਸੰਭਾਵਨਾਵਾਂ ਅਤੇ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਨਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਧਿਕਾਰਤ ਰਿਹਾਇਸ਼ 10, ਰਾਜਾਜੀ ਮਾਰਗ 'ਤੇ ਅੱਜ ਸ਼ਾਮ 6 ਵਜੇ ਵਿਰੋਧੀ ਗਠਜੋੜ ਦੇ ਨੇਤਾ ਬੈਠਕ ਕਰਨਗੇ। ਖੜਗੇ ਨੇ 'ਐਕਸ' 'ਤੇ ਪੋਸਟ ਕਰ ਕੇ ਦੱਸਿਆ,''ਚੋਣ ਨਤੀਜਿਆਂ ਅਤੇ ਉਸ ਤੋਂ ਬਾਅਦ ਦੀ ਰਣਨੀਤੀ 'ਤੇ ਚਰਚਾ ਲਈ 'ਇੰਡੀਆ ਗਠਜੋੜ' ਦੇ ਨੇਤਾ ਅੱਜ ਸ਼ਾਮ 6 ਵਜੇ 10, ਰਾਜਾਜੀ ਮਾਰਗ 'ਤੇ ਬੈਠਕ ਕਰਨਗੇ।
ਸਰਕਾਰ ਗਠਨ ਦੀ ਕਵਾਇਦ ਅਤੇ ਐੱਨ. ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਵਰਗੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੇ ਘਟਕ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰਨ ਦੀ ਸੰਭਾਵਨਾ ਨਾਲ ਜੁੜੇ ਸਵਾਲ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਵਿਰੋਧੀ ਧਿਰ ਗਠਜੋੜ ਦੇ ਨੇਤਾ ਬੁੱਧਵਾਰ ਦੀ ਬੈਠਕ 'ਚ ਕਰਨਗੇ। ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਊਧਵ ਠਾਕਰੇ ਨੇ ਲੋਕ ਸਭਾ ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਮੰਗਲਵਾਰ ਨੂੰ ਕਿਹਾ ਸੀ ਕਿ 'ਇੰਡੀਆ' ਨੂੰ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਬੁੱਧਵਾਰ ਦੀ ਬੈਠਕ 'ਚ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਫ਼ੈਸਲਾ ਹੋਵੇਗਾ। ਠਾਕਰੇ ਨੇ ਇਹ ਵੀ ਕਿਹਾ ਸੀ ਕਿ ਨਾਇਡੂ ਅਤੇ ਨਿਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e