ਪੂਰਾ ''ਇੰਡੀਆ'' ਗਠਜੋੜ ਆਪਣੇ ਪਰਿਵਾਰ ਲਈ ਸਿਆਸਤ ਕਰਦਾ ਹੈ: ਅਮਿਤ ਸ਼ਾਹ
Sunday, May 19, 2024 - 03:34 PM (IST)

ਪ੍ਰਯਾਗਰਾਜ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪੂਰਾ 'ਇੰਡੀਆ' ਗਠਜੋੜ ਆਪਣੇ ਪੁੱਤਰ-ਧੀਆਂ ਲਈ ਰਾਜਨੀਤੀ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਲਾਲੂ ਜੀ, ਸੋਨੀਆ ਜੀ, ਊਧਵ ਜੀ, ਸਟਾਲਿਨ ਆਪਣੇ-ਆਪਣੇ ਪੁੱਤਰਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਜ਼ਿਲ੍ਹੇ ਦੇ ਯਮੁਨਾਪਾਰ ਮੇਜਾ ਤਹਿਸੀਲ ਦੇ ਸੋਰਾਂਵ ਪਾਤੀ ਪਿੰਡ ਵਿਚ ਇਲਾਹਾਬਾਦ ਸੀਟ ਤੋਂ ਭਾਜਪਾ ਉਮੀਦਵਾਰ ਨੀਰਜ ਤ੍ਰਿਪਾਠੀ ਦੇ ਸਮਰਥਨ ਵਿਚ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਕਿਹਾ ਕਿ ਜੋ ਲੋਕ ਆਪਣੇ ਪੁੱਤਰ-ਧੀਆਂ ਲਈ ਸਿਆਸਤ ਕਰਦੇ ਹਨ ਕੀ ਉਹ ਤੁਹਾਡਾ ਭਲਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 'ਇੰਡੀਆ' ਗਠਜੋੜ ਕਹਿੰਦਾ ਹੈ ਕਿ ਉਨ੍ਹਾਂ ਦੀ ਸਰਕਾਰ ਆਵੇਗੀ ਤਾਂ ਧਾਰਾ-370 ਫਿਰ ਤੋਂ ਲਾਗੂ ਕਰਾਂਗੇ, ਤਿੰਨ ਤਲਾਕ ਵਾਪਲ ਲਿਆਉਣਗੇ, ਨਾਗਰਿਕਤਾ ਸੋਧ ਕਾਨੂੰ (CAA) ਹਟਾਵਾਂਗੇ ਅਤੇ ਪਰਮਾਣੂ ਹਥਿਆਰ ਨਸ਼ਟ ਕਰਨਗੇ।
ਸ਼ਾਹ ਨੇ ਦੋਸ਼ ਲਾਇਆ ਕਿ ਇੰਡੀਆ ਗਠਜੋੜ ਦੇਸ਼ ਨੂੰ ਅੱਗੇ ਨਹੀਂ ਵਧਾ ਸਕਦਾ। ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਸਰਕਾਰਾਂ ਨੇ ਰਾਮ ਮੰਦਰ ਨੂੰ 70 ਸਾਲਾਂ ਤੱਕ ਲਟਕਾ ਕੇ ਰੱਖਿਆ। ਸਪਾ ਸਰਕਾਰ ਨੇ ਕਾਰ ਸੇਵਕਾਂ 'ਤੇ ਗੋਲੀਆਂ ਚਲਾ ਕੇ ਸਾਡੇ ਰਾਮ ਭਗਤਾਂ ਨੂੰ ਮਾਰਿਆ। ਤੁਸੀਂ ਮੋਦੀ ਜੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਹੈ। ਮੋਦੀ ਜੀ ਨੇ ਕੇਸ ਜਿੱਤਿਆ, ਭੂਮੀ ਪੂਜਨ ਕੀਤਾ ਅਤੇ 24 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਨਾਲ 'ਜੈ ਸ਼੍ਰੀ ਰਾਮ' ਕਿਹਾ। ਉਨ੍ਹਾਂ ਕਿਹਾ ਕਿ ਜਦੋਂ ਟਰੱਸਟ ਨੇ ਉਨ੍ਹਾਂ (ਵਿਰੋਧੀ ਪਾਰਟੀਆਂ) ਨੂੰ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਸੀ ਤਾਂ ਉਹ ਨਹੀਂ ਆਏ। ਉਨ੍ਹਾਂ ਕਿਹਾ ਕਿ ਸੋਨੀਆ ਜੀ ਵੀ ਨਹੀਂ ਪਹੁੰਚੇ, ਰਾਹੁਲ ਬਾਬਾ, ਅਖਿਲੇਸ਼ ਅਤੇ ਡਿੰਪਲ ਭਾਬੀ ਵੀ ਨਹੀਂ ਪਹੁੰਚੇ, ਉਹ ਇਸ ਲਈ ਨਹੀਂ ਪਹੁੰਚੇ ਕਿਉਂਕਿ ਉਹ ਆਪਣੇ ਵੋਟ ਬੈਂਕ ਤੋਂ ਡਰਦੇ ਹਨ। ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਆਪਣੇ ਧਰਮ ਦੇ ਸਾਰੇ ਸੱਭਿਆਚਾਰਕ ਕੇਂਦਰਾਂ ਨੂੰ ਊਰਜਾਵਾਨ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਰਾਮ ਭਗਤਾਂ 'ਤੇ ਗੋਲੀਆਂ ਚਲਾਉਣ ਵਾਲੇ ਹਨ ਅਤੇ ਦੂਜੇ ਪਾਸੇ ਰਾਮ ਮੰਦਰ ਬਣਾਉਣ ਵਾਲੇ ਮੋਦੀ ਜੀ ਹਨ, ਜਨਤਾ ਨੇ ਦੋਵਾਂ 'ਚੋਂ ਇਕ ਦੀ ਚੋਣ ਕਰਨੀ ਹੈ।