ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ, ਲੋਕਾਂ ਦੀਆਂ ਜੇਬਾਂ ’ਤੇ ਪੈਣ ਲੱਗਿਆ ਬੋਝ

Saturday, Mar 28, 2026 - 02:02 PM (IST)

ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧਾ, ਲੋਕਾਂ ਦੀਆਂ ਜੇਬਾਂ ’ਤੇ ਪੈਣ ਲੱਗਿਆ ਬੋਝ

ਮੰਡੀ ਅਰਨੀਵਾਲਾ (ਸੁਖਦੀਪ) : ਫਲਾਂ ਤੇ ਸਬਜ਼ੀਆਂ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ’ਤੇ ਵੱਡਾ ਅਸਰ ਪੈ ਰਿਹਾ ਹੈ। ਰੋਜ਼ਾਨਾ ਦੀ ਵਰਤੋਂ ਵਾਲੀਆਂ ਸਬਜ਼ੀਆਂ ਜਿਵੇਂ ਕਿ ਆਲੂ, ਟਮਾਟਰ, ਪਿਆਜ਼ ਅਤੇ ਹਰੀ ਸਬਜ਼ੀਆਂ ਦੇ ਭਾਅ ’ਚ ਇਜ਼ਾਫਾ ਹੋਣ ਕਾਰਨ ਘਰੇਲੂ ਬਜਟ ਹਿੱਲ ਗਿਆ ਹੈ। ਇਸੇ ਤਰ੍ਹਾਂ ਫਲਾਂ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ, ਕੀਵੀ ਫਲ ਦਾ ਇਕ ਪੀਸ 50 ਰੁਪਏ, ਅਨਾਰ 20 ਰੁਪਏ ਤੇ ਸੇਬ ਵੀ 150 ਰੁਪਏ ਤੋਂ ਜ਼ਿਆਦਾ ਵਿਕ ਰਿਹਾ ਹੈ। ਜਿਸ ਨਾਲ ਮੱਧਵਰਗੀ ਪਰਿਵਾਰਾਂ ਲਈ ਇਨ੍ਹਾਂ ਦੀ ਖਰੀਦ ਮੁਸ਼ਕਿਲ ਹੋ ਗਈ ਹੈ। ਵਪਾਰੀਆਂ ਦੇ ਮੁਤਾਬਕ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਮੌਸਮੀ ਬਦਲਾਅ ਅਤੇ ਸਪਲਾਈ ਦੀ ਘਾਟ ਹੈ। ਹਾਲੀਆ ਦਿਨਾਂ ’ਚ ਮੌਸਮ ਦੇ ਉਤਾਰ-ਚੜ੍ਹਾਅ ਕਾਰਨ ਮੰਡੀ ’ਚ ਆਉਣ ਵਾਲੀ ਸਬਜ਼ੀਆਂ ਅਤੇ ਫਲਾਂ ਦੀ ਮਾਤਰਾ ਘੱਟ ਹੋ ਗਈ ਹੈ। ਇਸ ਦੇ ਨਾਲ ਹੀ ਆਵਾਜਾਈ ਦੇ ਖ਼ਰਚੇ ’ਚ ਵਾਧਾ ਵੀ ਕੀਮਤਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਘਰੇਲੂ ਔਰਤਾਂ ਦਾ ਕਹਿਣਾ ਹੈ ਕਿ ਹਰ ਰੋਜ਼ ਦੀ ਰਸੋਈ ਚਲਾਉਣਾ ਔਖਾ ਹੋ ਗਿਆ ਹੈ। ਜਿੱਥੇ ਪਹਿਲਾਂ ਲੋਕ ਆਸਾਨੀ ਨਾਲ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਖਰੀਦ ਲੈਂਦੇ ਸਨ, ਹੁਣ ਉਨ੍ਹਾਂ ਨੂੰ ਸੋਚ-ਸਮਝ ਕੇ ਖਰੀਦਦਾਰੀ ਕਰਨੀ ਪੈ ਰਹੀ ਹੈ। ਕਈ ਪਰਿਵਾਰਾਂ ਨੇ ਤਾਂ ਆਪਣੀ ਖੁਰਾਕ ’ਚ ਵੀ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੀਮਤਾਂ ’ਤੇ ਕਾਬੂ ਪਾਉਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸਪਲਾਈ ਚੇਨ ਨੂੰ ਮਜ਼ਬੂਤ ਕੀਤਾ ਜਾਵੇ ਤੇ ਸਿੱਧੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕੀਮਤਾਂ ’ਚ ਕਾਬੂ ਲਿਆ ਜਾ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਫਲਾਂ ਅਤੇ ਸਬਜ਼ੀਆਂ ਦੀ ਮਹਿੰਗਾਈ ਨੇ ਆਮ ਜਨਤਾ ਦੀ ਜ਼ਿੰਦਗੀ ’ਤੇ ਅਸਰ ਪਾਇਆ ਹੈ ਅਤੇ ਲੋਕ ਹੁਣ ਇਸ ਸਮੱਸਿਆ ਦੇ ਹੱਲ ਦੀ ਉਡੀਕ ਕਰ ਰਹੇ ਹਨ।


author

Babita

Content Editor

Related News