ਰੰਜਿਸ਼ ਕਾਰਨ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Wednesday, Mar 25, 2026 - 02:45 PM (IST)
ਅਬੋਹਰ (ਸੁਨੀਲ) : ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਨੇੜਲੇ ਪਿੰਡ ਸੀਡ ਫਾਰਮ 'ਚ ਬੀਤੀ ਰਾਤ ਇੱਕ ਨਾਬਾਲਗ ਮੁੰਡੇ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਦੋਂ ਲੋਕ ਇਕੱਠੇ ਹੋਏ ਤਾਂ ਹਮਲਾਵਰ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ। ਸੀਡ ਫਾਰਮ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪੁਰਾਣੀ ਰੰਜਿਸ਼ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਜਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਕੁੱਝ ਨੌਜਵਾਨਾਂ ਦਾ ਉਸਦੇ ਗੁਆਂਢੀਆਂ ਨਾਲ ਝਗੜਾ ਹੈ ਅਤੇ ਉਨ੍ਹਾਂ ਦੇ ਗੁਆਂਢੀ ਅਕਸਰ ਉਸਦੇ ਘਰ ਵਿੱਚ ਆਉਂਦੇ ਜਾਂਦੇ ਹਨ।
ਇਸੇ ਗੱਲ ਤੋਂ ਉਕਤ ਹਮਲਾਵਰ ਨੌਜਵਾਨ ਉਸ ਨਾਲ ਰੰਜਿਸ਼ ਰੱਖਦੇ ਹਨ ਅਤੇ ਲਗਭਗ ਡੇਢ ਮਹੀਨੇ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਉਕਤ ਨੌਜਵਾਨਾਂ ਨਾਲ ਉਸਦਾ ਝਗੜਾ ਹੋਇਆ ਤਾਂ ਉਕਤ ਨੌਜਵਾਨਾਂ ਨੇ ਉਸ ਸਮੇਂ ਉਸਨੂੰ ਬੁਰੀ ਤਰ੍ਹਾਂ ਕੁੱਟਣ ਦੇ ਨਾਲ ਹੀ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਬੀਤੀ ਦੇਰ ਸ਼ਾਮ ਉਹ ਪਿੰਡ ਦੀ ਡੇਅਰੀ ’ਤੇ ਦੁੱਧ ਖਰੀਦਣ ਗਿਆ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਗੰਡਾਸੇ ਅਤੇ ਹੋਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਜ਼ਖਮੀ ਕਰ ਦਿੱਤਾ।
ਜਦੋਂ ਆਸ-ਪਾਸ ਦੇ ਦੁਕਾਨਦਾਰ ਉਸ ਦੇ ਬਚਾਅ ਲਈ ਆਏ ਤਾਂ ਹਮਲਾਵਰ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਉੱਥੋਂ ਭੱਜ ਗਏ। ਲੋਕਾਂ ਨੇ ਇਸ ਬਾਰੇ ਸੀਡ ਫਾਰਮ ਚੌਂਕੀ ਪੁਲਸ ਨੂੰ ਸੂਚਿਤ ਕੀਤਾ। ਇਸ’ਤੇ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
