ਹੈਰੋਇਨ ਤੇ ਸਾਮਾਨ ਸਣੇ 5 ਮੁਲਜ਼ਮ ਗ੍ਰਿਫਤਾਰ
Monday, Mar 16, 2026 - 06:17 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਥਾਣਾ ਸਿਟੀ ਜ਼ੀਰਾ ਅਤੇ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 5 ਮੁਲਜ਼ਮਾਂ ਨੂੰ ਹੈਰੋਇਨ ਅਤੇ ਨਸ਼ਾ ਕਰਨ ਵਾਲੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਜ਼ੀਰਾ ਦੇ ਏ.ਐੱਸ. ਆਈ. ਦੀਪ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਉਨ੍ਹਾਂ ਨੇ ਪਿੰਡ ਢੰਡੀਆਂ ਨੇੜੇ ਹਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਲੋਹਕੇ ਕਲਾਂ ਨੂੰ ਸ਼ੱਕ ਦੇ ਅਧਾਰ ’ਤੇ ਗ੍ਰਿਫਤਾਰ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ।
ਦੂਜੇ ਪਾਸੇ ਥਾਣਾ ਸਿਟੀ ਜ਼ੀਰਾ ਦੇ ਹੌਲਦਾਰ ਗੁਰਲਾਲ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਅਤੇ ਚੈਕਿੰਗ ਦੌਰਾਨ ਜੋਨੀ ਭੱਟੀ ਪੁੱਤਰ ਰੰਗਾ ਸਿੰਘ ਬਸਤੀ ਮਾਛੀਆਂ ਜ਼ੀਰਾ, ਬਿੱਟਾ ਢੋਲੀ ਪੁੱਤਰ ਚਿਮਨ ਲਾਲ ਵਾਸੀ ਬਸਤੀ ਮਾਛੀਆਂ ਜ਼ੀਰਾ, ਹਰਪ੍ਰੀਤ ਸਿੰਘ ਵਾਸੀ ਬਸਤੀ ਜ਼ੀਰਾ ਅਤੇ ਅਜੈ ਪੁੱਤਰ ਮਦਨ ਲਾਲ ਵਾਸੀ ਬਸਤੀ ਮਾਛੀਆਂ ਜ਼ੀਰਾ ਨੂੰ ਦਾਣਾ ਮੰਡੀ ਜੀਰਾ ਨੇੜੇ ਹੈਰੋਇਨ ਦਾ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ ਚਾਰ ਲਾਈਟਰ, ਚਾਰ ਪੰਨੀਆਂ ਜਿਨ੍ਹਾਂ ’ਤੇ ਹੈਰੋਇਨ ਲੱਗੀ ਹੋਈ ਸੀ ਅਤੇ ਚਾਰ 10 ਰੁਪਏ ਦੇ ਨੋਟ ਬਰਾਮਦ ਕੀਤੇ। ਪੁਲਸ ਵੱਲੋਂ ਇਨ੍ਹਾਂ ਫੜੇ ਗਏ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
