ਜਲਾਲਾਬਾਦ 'ਚ ਕੱਪੜਾ ਕਾਰੋਬਾਰੀ 'ਤੇ ਹਮਲਾ, CCTV 'ਚ ਕੈਦ ਹੋਇਆ ਸਾਰਾ ਮੰਜ਼ਰ

Saturday, Mar 28, 2026 - 12:49 PM (IST)

ਜਲਾਲਾਬਾਦ 'ਚ ਕੱਪੜਾ ਕਾਰੋਬਾਰੀ 'ਤੇ ਹਮਲਾ, CCTV 'ਚ ਕੈਦ ਹੋਇਆ ਸਾਰਾ ਮੰਜ਼ਰ

ਜਲਾਲਾਬਾਦ (ਸੁਨੀਲ ਨਾਗਪਾਲ) : ਇੱਥੋਂ ਦੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਇਕ ਕੱਪੜਾ ਵਪਾਰੀ 'ਤੇ ਉਧਾਰ ਨਾ ਦੇਣ ਕਾਰਨ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਸਤਪਾਲ ਜੁਨੇਜਾ ਨੇ ਦੱਸਿਆ ਕਿ ਇਕ ਨੌਜਵਾਨ ਆਪਣੀ ਸਾਥੀ ਕੁੜੀ ਅਤੇ ਇਕ ਹੋਰ ਵਿਅਕਤੀ ਨਾਲ ਸਕੂਟੀ 'ਤੇ ਉਸ ਦੀ ਦੁਕਾਨ 'ਤੇ ਕੱਪੜਾ ਖਰੀਦਣ ਆਇਆ ਸੀ। ਇਸ ਦੌਰਾਨ ਨੌਜਵਾਨ ਨੇ ਦੁਕਾਨਦਾਰ ਤੋਂ 1000 ਰੁਪਏ ਉਧਾਰ ਮੰਗੇ ਪਰ ਮਨ੍ਹਾਂ ਕਰਨ 'ਤੇ ਉਹ ਭੜਕ ਗਿਆ ਅਤੇ ਇਸ ਨੂੰ ਆਪਣੀ ਬੇਇੱਜ਼ਤੀ ਦੱਸਦਿਆਂ ਦੇਖ ਲੈਣ ਦੀ ਧਮਕੀ ਦੇ ਕੇ ਚਲਾ ਗਿਆ।

ਇਸ ਘਟਨਾ ਦੇ ਕਰੀਬ ਦੋ ਘੰਟੇ ਬਾਅਦ ਉਹੀ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਈਕਲ 'ਤੇ ਵਾਪਸ ਆਇਆ ਅਤੇ ਦੁਕਾਨਦਾਰ 'ਤੇ ਲਾਠੀਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੀੜਤ ਵਪਾਰੀ ਸਤਪਾਲ ਜੁਨੇਜਾ ਨੇ ਵਪਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਅਧਿਕਾਰੀ ਨਿਯੁਕਤ ਕਰ ਦਿੱਤੇ ਹਨ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News