ਢੌਂਗੀ ਬਾਬੇ ਦਾ ਕਾਰਨਾਮਾ, ਔਰਤ ਨੂੰ ਠੱਗੀ ਦਾ ਸ਼ਿਕਾਰ ਬਣਾ ਸੋਨਾ ਤੇ ਨਕਦੀ ਲੈ ਕੇ ਫ਼ਰਾਰ

Saturday, Mar 14, 2026 - 04:29 PM (IST)

ਢੌਂਗੀ ਬਾਬੇ ਦਾ ਕਾਰਨਾਮਾ, ਔਰਤ ਨੂੰ ਠੱਗੀ ਦਾ ਸ਼ਿਕਾਰ ਬਣਾ ਸੋਨਾ ਤੇ ਨਕਦੀ ਲੈ ਕੇ ਫ਼ਰਾਰ

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦਿਨ-ਦਿਹਾੜੇ ਹੀ ਇੱਕ ਢੌਂਗੀ ਬਾਬਾ ਆਪਣੇ ਸਾਥੀਆਂ ਸਮੇਤ ਇੱਕ ਔਰਤ ਨੂੰ ਠੱਗੀ ਦਾ ਸ਼ਿਕਾਰ ਬਣਾ ਕੇ ਡੇਢ ਤੋਲਾ ਸੋਨਾ ਅਤੇ ਕਰੀਬ 50 ਹਜ਼ਾਰ ਰੁਪਏ ਨਕਦ ਲੈ ਕੇ ਫ਼ਰਾਰ ਹੋ ਗਿਆ। ਪੀੜਤ ਔਰਤ ਸਵਰਣ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਮਦੋਟ ਤੋਂ ਵਾਪਸ ਘਰ ਜਾ ਰਹੀ ਸੀ। ਰਾਸਤੇ 'ਚ ਇਕ ਵਿਅਕਤੀ ਉਸ ਕੋਲੋਂ ਕਿਸੇ ਡੇਰੇ ਬਾਰੇ ਪੁੱਛਗਿੱਛ ਕਰਨ ਲੱਗਾ। ਇਸ ਤੋਂ ਬਾਅਦ ਉਸਨੇ ਮਾਲਾ ਫੇਰਦੇ ਹੋਏ ਕਿਸੇ ਤਰ੍ਹਾਂ ਉਸ ਨੂੰ ਆਪਣੇ ਵੱਸ 'ਚ ਕਰ ਲਿਆ। ਔਰਤ ਦੇ ਮੁਤਾਬਕ ਢੌਂਗੀ ਬਾਬੇ ਨੇ ਉਸਨੂੰ ਕਿਹਾ ਕਿ ਘਰ 'ਚ ਜਿਹੜਾ ਵੀ ਸੋਨਾ, ਨਕਦੀ ਜਾਂ ਕੀਮਤੀ ਸਮਾਨ ਪਿਆ ਹੈ, ਉਹ ਸਭ ਲਿਆ ਕੇ ਉਸਦੇ ਹਵਾਲੇ ਕਰ ਦਿੱਤਾ ਜਾਵੇ।

ਔਰਤ ਨੇ ਦੱਸਿਆ ਕਿ ਉਹ ਉਸਦੀ ਗੱਲਾਂ 'ਚ ਆ ਗਈ ਅਤੇ ਘਰ 'ਚ ਪਿਆ ਡੇਢ ਤੋਲਾ ਸੋਨਾ ਅਤੇ 50 ਹਜ਼ਾਰ ਰੁਪਏ ਨਕਦ ਲਿਆ ਕੇ ਉਸਨੂੰ ਦੇ ਦਿੱਤੇ। ਇਸ ਤੋਂ ਬਾਅਦ ਢੌਂਗੀ ਬਾਬਾ ਅਤੇ ਉਸਦੇ ਸਾਥੀ, ਜਿਨ੍ਹਾਂ 'ਚ ਇੱਕ ਔਰਤ ਵੀ ਸ਼ਾਮਲ ਸੀ, ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਔਰਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਹੋ ਚੁੱਕੀ ਹੈ ਤਾਂ ਉਸਨੇ ਪਰਿਵਾਰਕ ਮੈਂਬਰਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ। ਪੀੜਤ ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਢੌਂਗੀ ਬਾਬੇ ਅਤੇ ਉਸਦੇ ਸਾਥੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਹੋਰ ਕਿਸੇ ਮਾਸੂਮ ਪਰਿਵਾਰ ਨਾਲ ਇਸ ਤਰ੍ਹਾਂ ਦੀ ਠੱਗੀ ਨਾ ਹੋ ਸਕੇ। ਫਿਲਹਾਲ ਇਹ ਮਾਮਲਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ 'ਚ ਡਰ ਦਾ ਮਾਹੌਲ ਹੈ।


author

Babita

Content Editor

Related News