ਜਲਾਲਾਬਾਦ ''ਚ ਤੇਜ਼ ਰਫ਼ਤਾਰ ਦਾ ਕਹਿਰ: ਬੇਕਾਬੂ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, ਘਟਨਾ CCTV ''ਚ ਕੈਦ
Thursday, Mar 26, 2026 - 11:51 PM (IST)
ਜਲਾਲਾਬਾਦ (ਸੁਨੀਲ ਨਾਗਪਾਲ) : ਜਲਾਲਾਬਾਦ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਬੇਕਾਬੂ ਕਾਰ ਨੇ ਗਲੀ ਵਿੱਚ ਖੜ੍ਹੇ ਕਈ ਵਾਹਨਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮੁਹੱਲਾ ਨਿਵਾਸੀ ਜਸਵਿੰਦਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਲੀਲਾ ਚੌਕ ਦੇ ਨਜ਼ਦੀਕ ਇੱਕ ਕਾਰ ਅਸੈਸਰੀ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਨੌਜਵਾਨ ਗਾਹਕ ਦੀ ਗੱਡੀ ਦੀ 'ਟਰਾਈ' (ਟੈਸਟ ਡਰਾਈਵ) ਲੈ ਰਿਹਾ ਸੀ। ਇਸ ਦੌਰਾਨ ਕਾਰ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਕਿ ਉਹ ਬੇਕਾਬੂ ਹੋ ਗਈ ਅਤੇ ਗਲੀ ਵਿੱਚ ਖੜ੍ਹੀਆਂ ਸਕੂਟਰੀਆਂ ਨੂੰ ਉਡਾਉਂਦੀ ਹੋਈ ਅੱਗੇ ਖੜ੍ਹੀ ਇੱਕ ਹੋਰ ਕਾਰ ਨਾਲ ਜਾ ਟਕਰਾਈ।
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੱਕਰ ਇੰਨੀ ਜ਼ੋਰਦਾਰ ਸੀ ਕਿ ਵਾਹਨ ਉੱਡ ਕੇ ਦੂਰ ਜਾ ਡਿੱਗੇ। ਖੁਸ਼ਕਿਸਮਤੀ ਰਹੀ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਵੇਲੇ ਗਲੀ ਵਿੱਚ ਕੋਈ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇਸ ਹਾਦਸੇ ਵਿੱਚ ਗਲੀ ਵਿੱਚ ਖੜ੍ਹੇ ਵਾਹਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ।
ਘਟਨਾ ਤੋਂ ਬਾਅਦ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਦੇ ਐਸ.ਐਚ.ਓ. ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
