ਪਤੀ ਨੇ ਸਹੇਲੀ ਤੇ ਉਸ ਦੇ ਭਰਾ ਨਾਲ ਰਲ਼ ਕੇ ਮਾਰ ''ਤੀ ਪਤਨੀ! ਅਦਾਲਤ ਨੇ ਤਿੰਨਾਂ ਨੂੰ ਸੁਣਾਈ ਮਿਸਾਲੀ ਸਜ਼ਾ
Wednesday, Mar 18, 2026 - 03:07 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੀ ਇਕ ਅਦਾਲਤ ਨੇ 2021 ਵਿਚ ਹੋਏ ਇਕ ਮਹਿਲਾ ਦੇ ਕਤਲ ਮਾਮਲੇ ਵਿਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਮ੍ਰਿਤਕ ਮਹਿਲਾ ਦੇ ਪਤੀ ਸਮੇਤ ਤਿੰਨ ਮੁਲਜ਼ਮਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਹਰ ਮੁਲਜ਼ਮ ਨੂੰ 60-60 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਦੇਣ 'ਤੇ ਉਨ੍ਹਾਂ ਨੂੰ ਇਕ ਸਾਲ ਵਾਧੂ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਇਹ ਫ਼ੈਸਲਾ ਫਾਜ਼ਿਲਕਾ ਦੇ ਮਾਣਯੋਗ ਅਜੀਤ ਪਾਲ ਸਿੰਘ ਦੀ ਅਦਾਲਤ ਨੇ ਸੁਣਾਇਆ ਹੈ।
ਜਾਣਕਾਰੀ ਮੁਤਾਬਕ 17 ਨਵੰਬਰ 2021 ਨੂੰ ਪਿੰਡ ਤੁਰਕਾਵਾਲੀ ਵਿਚ ਊਸ਼ਾ ਰਾਣੀ ਨਾਂ ਦੀ ਮਹਿਲਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਊਸ਼ਾ ਰਾਣੀ ਦੇ ਪਤੀ, ਜੋ ਬੀ. ਐੱਸ. ਐੱਫ. ਵਿਚ ਤਾਇਨਾਤ ਸਨ, ਦੇ ਕਿਸੇ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਸਨ। ਇਸੇ ਕਾਰਨ ਉਸ ਨੇ ਆਪਣੀ ਪਤਨੀ ਊਸ਼ਾ ਰਾਣੀ ਨੂੰ ਮੌਤ ਦੇ ਘਾਟ ਉਤਾਰਨ ਲਈ ਆਪਣੀ ਪ੍ਰੇਮਿਕਾ ਤੇ ਉਸਦੇ ਭਰਾ ਦੇ ਨਾਲ ਰਲ਼ ਕੇ ਸਾਜ਼ਿਸ਼ ਰਚੀ।
ਸਲੇਮਸ਼ਾਹ ਪਿੰਡ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜ ਸਾਲ ਬਾਅਦ ਅਦਾਲਤ ਤੋਂ ਇਨਸਾਫ਼ ਮਿਲਿਆ ਹੈ। ਉਨ੍ਹਾਂ ਨੇ 2021 ਵਿਚ ਆਪਣੀ ਭੈਣ ਦੇ ਕਤਲ ਮਗਰੋਂ ਪੁਲਸ ਵਿਚ ਮਾਮਲਾ ਦਰਜ ਕਰਵਾਇਆ ਸੀ, ਜਿਸ ਮਗਰੋਂ ਇਹ ਮਾਮਲਾ ਅਦਾਲਤ ਵਿਚ ਚੱਲਿਆ। ਵਕੀਲ ਰਾਜਿੰਦਰ ਚੁਚਰਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਅੱਗੇ ਸਾਰੇ ਸਬੂਤ ਪੇਸ਼ ਕੀਤੇ। ਪੰਜ ਸਾਲ ਤਕ ਚੱਲੀ ਸੁਣਵਾਈ ਮਗਰੋਂ ਅਦਾਲਤ ਨੇ ਇਸ ਮਾਮਲੇ ਵਿਚ ਫ਼ੈਸਲਾ ਸੁਣਾਇਆ ਹੈ। ਜਿਸ ਵਿਚ ਮ੍ਰਿਤਕ ਮਹਿਲਾ ਦੇ ਪਤੀ ਮੁਲਜ਼ਮ ਮੱਖਣ ਸਿੰਘ ਤੇ ਉਸ ਦੀ ਸਾਥਣ ਬਿੰਦਰ ਕੌਰ ਤੇ ਨਿੱਕਾ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਤਿੰਨਾ ਨੂੰ 60-60 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨਾ ਨਾ ਦੇਣ 'ਤੇ ਉਨ੍ਹਾਂ ਨੂੰ ਇਕ ਸਾਲ ਵਾਧੂ ਕੈਦ ਦੀ ਸਜ਼ਾ ਭੁਗਤਣੀ ਪਵੇਗੀ। ਇਸ ਦੇ ਨਾਲ ਹੀ ਮ੍ਰਿਤਕਾ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਸਰਕਾਰੀ ਪੱਧਰ 'ਤੇ ਸਹੂਲਤਾਂ ਮੁਹੱਈਆ ਕਰਵਾਉਣ ਦਾ ਫ਼ੈਸਲਾ ਦਿੱਤਾ ਗਿਆ ਹੈ, ਤਾਂ ਜੋ ਬੱਚਿਆਂ ਦਾ ਭਵਿੱਖ ਖਰਾਬ ਨਾ ਹੋਵੇ।
