ਮਾਂ ਨੇ ਪੁੱਤਾਂ ਨਾਲ ਮਿਲ ਕੇ ਇਟਲੀ ਭੇਜਣ ਦੇ ਨਾਮ ''ਤੇ ਕੁਝ ਇਸ ਤਰ੍ਹਾਂ ਮਾਰੀ ਲੱਖਾਂ ਰੁਪਏ ਦੀ ਠੱਗੀ

07/29/2017 7:03:54 PM

ਫਗਵਾੜਾ(ਜਲੋਟਾ)— ਇਟਲੀ ਭੇਜਣ ਦੇ ਨਾਮ 'ਤੇ ਮਾਂ ਅਤੇ ਉਸ ਦੇ 2 ਪੁੱਤਰਾਂ ਵਲੋਂ ਲੱਖਾਂ ਰੁਪਏ ਦੀ ਕਥਿਤ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦਾ ਸ਼ਿਕਾਰ ਬਣੇ ਚਮਨ ਲਾਲ ਪੁੱਤਰ ਸਕਰ ਰਾਮ ਵਾਸੀ ਪਿੰਡ ਬੇਗਮਪੁਰਾ ਨੇ ਇਸ ਦੀ ਸ਼ਿਕਾਇਤ ਪੁਲਸ ਥਾਣਾ ਸਦਰ ਨੂੰ ਦਿੱਤੀ, ਜਿਸ ਦੇ ਬਾਅਦ ਪੁਲਸ ਨੇ ਦੋਸ਼ੀ ਮਾਂ ਅਤੇ ਉਸ ਦੇ ਦੋ ਪੁੱਤਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਪੀੜਤ ਚਮਨ ਲਾਲ ਨੇ ਖੁਲਾਸਾ ਕੀਤਾ ਕਿ ਦੋਸ਼ੀ ਲਖਵਿੰਦਰ ਉਰਫ ਨਿੱਕਾ, ਉਸ ਦਾ ਭਰਾ ਜਸਵਿੰਦਰ ਅਤੇ ਦੋਹਾਂ ਦੀ ਮਾਤਾ ਸ਼ਿੰਨੋ ਨੇ ਉਸ ਦੇ ਲੜਕੇ ਸਤਨਾਮ ਮਾਹੀ ਨੂੰ ਇਟਲੀ ਭੇਜਣ ਲਈ 8 ਲੱਖ ਰੁਪਏ ਦਾ ਸੌਦਾ ਤੈਅ ਕੀਤਾ। ਇਸ ਦੌਰਾਨ ਦੋਸ਼ੀ ਲਖਵਿੰਦਰ ਉਰਫ ਨਿੱਕਾ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਉਸ ਦਾ ਸਕਾ ਭਰਾ ਜਸਵਿੰਦਰ ਵੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਸ ਦੇ ਪੁੱਤਰ ਸਤਨਾਮ ਮਾਹੀ ਨੂੰ ਬਿਨਾਂ ਝੰਜਟ ਦੇ ਇਟਲੀ ਵਿਚ ਸੈਟਲ ਕਰਵਾ ਸਕਦਾ ਹੈ। ਉਹ ਉਨ੍ਹਾਂ ਦੀਆਂ ਗੱਲਾਂ ਵਿਚ ਫਸ ਗਏ, ਜਿਸ ਦੇ ਬਾਅਦ ਦੋਸ਼ੀ ਨੂੰ 8 ਲੱਖ ਰੁਪਏ ਦੇ ਦਿੱਤੇ ਪਰ ਦੋਸ਼ੀ ਲਖਵਿੰਦਰ ਨੇ ਉਸ ਦੇ ਪੁੱਤਰ ਦਾ ਜਾਅਲੀ ਵੀਜ਼ਾ ਲਗਵਾ ਕੇ ਉਸ ਨੂੰ ਦੇ ਦਿੱਤਾ। ਜਦੋਂ ਸਾਰੀ ਸੱਚਾਈ ਦਾ ਪਤਾ ਲੱਗਾ ਤਾਂ ਉਸ ਨੇ ਦੋਸ਼ੀ ਕੋਲੋਂ ਪੈਸੇ ਵਾਪਸ ਮੰਗੇ ਪਰ ਦੋਸ਼ੀ ਨੇ ਉਸ ਨੂੰ ਰਕਮ ਵਾਪਸ ਨਹੀਂ ਕੀਤੀ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News