ਜਰਮਨ ਭੇਜਣ ਦਾ ਝਾਂਸਾ ਦੇ ਕੇ ਮਾਰੀ 11 ਲੱਖ ਦੀ ਠੱਗੀ, ਪਹਿਲਾਂ ਦੁਬਈ ਤੇ ਫਿਰ ਭੇਜਿਆ ਕਿਜਾਕਿਸਤਾਨ

Thursday, May 02, 2024 - 06:19 PM (IST)

ਜਰਮਨ ਭੇਜਣ ਦਾ ਝਾਂਸਾ ਦੇ ਕੇ ਮਾਰੀ 11 ਲੱਖ ਦੀ ਠੱਗੀ, ਪਹਿਲਾਂ ਦੁਬਈ ਤੇ ਫਿਰ ਭੇਜਿਆ ਕਿਜਾਕਿਸਤਾਨ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਹਾਲ ਆਬਾਦ ਚੰਡੀਗੜ੍ਹ ਕਾਲੋਨੀ ਮੋਗਾ ਨਿਵਾਸੀ ਲਖਵੀਰ ਸਿੰਘ ਨੂੰ ਵਿਜ਼ਿਟਰ ਵੀਜ਼ੇ ’ਤੇ ਜਰਮਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ ਆਪਣੇ ਸਾਥੀਆਂ ਨਾਲ ਮਿਲੀਭੁਗਤ ਕਰਕੇ 11 ਲੱਖ 15 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਵਲੋਂ ਜਾਂਚ ਦੇ ਬਾਅਦ ਤਿੰਨੇ ਕਥਿਤ ਮੁਲਜ਼ਮਾਂ ਕੁਲਦੀਪ ਸਿੰਘ, ਹਰਦੇਵ ਸਿੰਘ ਅਤੇ ਕੁਲਦੀਪ ਸਿੰਘ ਸਾਰੇ ਨਿਵਾਸੀ ਪਿੰਡ ਬੰਡਾਲਾ ਆਰਫਕੇ ਫਿਰੋਜ਼ਪੁਰ ਖ਼ਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਲਖਵੀਰ ਸਿੰਘ ਨੇ ਕਿਹਾ ਕਿ ਮੇਰੀ ਟਰੈਵਲ ਏਜੰਟ ਕੁਲਦੀਪ ਸਿੰਘ ਨਾਲ 2015-16 ਦੌਰਾਨ ਲਿਬਨਾਨ ਵਿਚ ਮੁਲਾਕਾਤ ਹੋਈ ਸੀ। ਉਸ ਨੇ ਮੈਨੂੰ ਕਿਹਾ ਕਿ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਕੋਲ ਬੁਲਾਉਂਦਾ ਹਾਂ, ਉਸ ਨੇ ਦੱਸਿਆ ਕਿ ਜੁਲਾਈ 2023 ਵਿਚ ਕੁਲਦੀਪ ਸਿੰਘ ਮੈਨੂੰ ਇੰਡੀਆ ਵਿਚ ਮਿਲਿਆ ਅਤੇ ਉਸ ਨੇ ਕਿਹਾ ਕਿ ਉਹ ਟੂਰਿਸਟ ਵੀਜ਼ੇ ’ਤੇ ਉਨੂੰ ਜਰਮਨ ਭੇਜ ਸਕਦਾ ਹੈ, ਜਿਸ ’ਤੇ 9 ਲੱਖ 25 ਹਜ਼ਾਰ ਰੁਪਏ ਖਰਚਾ ਆਵੇਗਾ।

ਇਸ ’ਤੇ ਮੈਂ ਯਕੀਨ ਕਰਕੇ ਆਪਣਾ ਪਾਸਪੋਰਟ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਅਗਸਤ 2023 ਵਿਚ ਮੈਨੂੰ ਦੁਬਈ ਦਾ ਵੀਜ਼ਾ ਲਵਾ ਦਿੱਤਾ। ਜਦੋਂ ਮੈਂਨੂੰ ਪਤਾ ਲੱਗਾ ਤਾਂ ਮੈਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਦੁਬਈ ਤੋਂ ਤੈਨੂੰ ਅੱਗੇ ਭੇਜਾਂਗੇ, ਜਿਸ ’ਤੇ 21 ਅਗਸਤ 2023 ਨੂੰ ਦੁਬਈ ਚਲਾ ਗਿਆ, ਜਿੱਥੋਂ ਮੈਨੂੰ ਕਿਜਾਕਿਸਤਾਨ ਭੇਜ ਦਿੱਤਾ ਗਿਆ, ਜਿੱਥੇ ਮੈਨੂੰ ਕੁਲਦੀਪ ਸਿੰਘ ਦੇ ਵਿਅਕਤੀਆਂ ਨੇ ਆਪਣੇ ਨਾਲ ਲਿਜਾ ਕੇ ਘਰ ਰੱਖਿਆ ਜਿਥੇ 100 ਦੇ ਕਰੀਬ ਪਹਿਲਾਂ ਵੀ ਹੋਰ ਵਿਅਕਤੀ ਸਨ, ਜਿਨ੍ਹਾਂ ਨੇ ਮੇਰਾ ਪਾਸਪੋਰਟ ਰੱਖ ਲਿਆ।

ਇਸੇ ਦੌਰਾਨ ਉਨ੍ਹਾਂ ਮੈਨੂੰ ਕਿਹਾ ਕਿ ਆਪਣੇ ਘਰੋਂ ਪੈਸੇ ਲੈ ਕੇ ਦੇ। ਇਸ ਉਪਰੰਤ 4 ਅਕਤੂਬਰ 2023 ਨੂੰ ਕਥਿਤ ਮੁਲਜ਼ਮ ਕੁਲਦੀਪ ਸਿੰਘ, ਇਸ ਦਾ ਸਾਥੀ ਸਰਪੰਚ ਹਰਦੇਵ ਸਿੰਘ, ਕੁਲਦੀਪ ਸਿੰਘ ਗਿੱਲ ਨਿਵਾਸੀ ਬੰਡਾਲਾ ਆਰਫਕੇ ਫਿਰੋਜ਼ਪੁਰ ਮੇਰੇ ਘਰੋਂ 9 ਲੱਖ ਰੁਪਏ ਲੈ ਗਏ ਅਤੇ ਕਥਿਤ ਮੁਲਜ਼ਮਾਂ ਨੇ ਕਥਿਤ ਮਿਲੀਭੁਗਤ ਕਰਕੇ ਟੈਕਸੀ ਰਾਹੀਂ ਮੈਂਨੂੰ ਅਲਮਾਟੀ ਭੇਜਿਆ, ਜਿੱਥੋਂ ਮੈਂਨੂੰ ਰਸ਼ੀਆ ਭੇਜ ਦਿੱਤਾ ਅਤੇ ਕਿਹਾ ਕਿ ਤੈਨੂੰ ਅਸੀਂ ਡੌਂਕੀ ਰਾਹੀਂ ਜਰਮਨ ਭੇਜਾਂਗੇ ਪਰ ਮੈਂ ਇਨਕਾਰ ਕਰ ਦਿੱਤਾ ਅਤੇ ਧੱਕੇ ਖਾ ਕੇ ਅਖ਼ੀਰ ਇੰਡੀਆ ਵਾਪਸ ਆ ਗਿਆ। ਮੇਰਾ ਇਸ ਦੌਰਾਨ 2 ਲੱਖ 15 ਹਜ਼ਾਰ ਰੁਪਏ ਖਰਚਾ ਆ ਗਿਆ, ਜਦੋਂ ਮੈਂ ਆ ਕੇ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ। ਇਸ ਤਰ੍ਹਾਂ ਮੇਰੇ ਨਾਲ ਕਥਿਤ ਮੁਲਜ਼ਮਾਂ ਨੇ ਮਿਲੀਭੁਗਤ ਕਰ ਕੇ 11 ਲੱਖ 15 ਹਜ਼ਾਰ ਦੀ ਠੱਗੀ ਮਾਰੀ ਹੈ।

ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ, ਜਿਨ੍ਹਾਂ ਜਾਂਚ ਸਮੇਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਮੁਲਜ਼ਮਾਂ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ, ਜਿਸ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Gurminder Singh

Content Editor

Related News