UK ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ ਲੱਖਾਂ ਦੀ ਠੱਗੀ
Saturday, May 04, 2024 - 12:30 PM (IST)
ਮੋਹਾਲੀ (ਸੰਦੀਪ) : ਯੂ. ਕੇ. ਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦੇ ਕੇ ਬਿਨੈਕਾਰਾਂ ਨੂੰ ਫ਼ਰਜ਼ੀ ਆਫਰ ਲੈਟਰ ਦੇ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਸੋਹਾਣਾ ਥਾਣਾ ਪੁਲਸ ਨੇ ਦਿੱਲੀ ਵਾਸੀ ਮਨੋਜ ਗੌੜ ਤੇ ਮੁੰਬਈ ਦੇ ਪ੍ਰਦੀਪ ਗੁਪਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਇਹ ਮਾਮਲਾ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲਸ ਨੂੰ ਵੀ ਸ਼ਿਕਾਇਤ ’ਚ ਅਮਨਦੀਪ ਕੌਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਸੈਕਟਰ-34 ਸਥਿਤ ਇਕ ਮੈਡੀਕਲ ਕਾਊਂਸਲਿੰਗ ਸੈਂਟਰ ’ਚ ਪ੍ਰਾਈਵੇਟ ਨੌਕਰੀ ਕਰਦੀ ਹੈ।
ਉਸ ਦੇ ਨਾਲ ਹੀ ਰਾਜੂ ਗੋਪਾਨਨ ਨਾਂ ਦਾ ਉਸਦਾ ਸਾਥੀ ਵੀ ਕੰਮ ਕਰਦਾ ਹੈ। ਰਾਜੂ ਨੇ ਅਮਨਦੀਪ ਕੌਰ ਨੂੰ ਆਪਣੇ ਇਕ ਜਾਣਕਾਰ ਨਾਲ ਮਿਲਾਇਆ। ਰਾਜੂ ਨੇ ਦੱਸਿਆ ਕਿ ਮਨੋਜ ਯੂ. ਕੇ. ਅਤੇ ਕੈਨੇਡਾ ਦਾ ਵਰਕ ਪਰਮਿਟ ਦਿਵਾਉਂਦਾ ਹੈ। ਮਨੋਜ ਨੇ ਦੱਸਿਆ ਕਿ ਜੇਕਰ ਤੁਹਾਡੇ ਕਿਸੇ ਜਾਣਕਾਰ ਨੇ ਵਰਕ ਪਰਮਿਟ ’ਤੇ ਯੂ. ਕੇ. ਜਾਂ ਕੈਨੇਡਾ ਜਾਣਾ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਅਮਨਦੀਪ ਕੌਰ ਨੇ ਉਨ੍ਹਾਂ ਦੇ ਝਾਂਸੇ ’ਚ ਆ ਕੇ ਆਪਣੇ ਜਾਣਕਾਰਾਂ ਨੂੰ ਉਨ੍ਹਾਂ ਨਾਲ ਮਿਲਵਾਇਆ, ਜੋ ਯੂ. ਕੇ. ਤੇ ਕੈਨੇਡਾ ਜਾਣ ਦੇ ਚਾਹਵਾਨ ਸਨ।
ਮਨੋਜ ਤੇ ਉਸਦੇ ਇਕ ਜਾਣਕਾਰ ਨੇ ਮੁਬੰਈ ਵਾਸੀ ਪ੍ਰਦੀਪ ਗੁਪਤਾ ਨੇ ਇਨ੍ਹਾਂ ਸਾਰਿਆਂ ਤੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਰਕਮ ਲੈ ਲਈ। ਇਸ ਤੋਂ ਬਾਅਦ ਇਨ੍ਹਾਂ ਨੇ ਇਨ੍ਹਾਂ ਸਾਰਿਆਂ ਨੂੰ ਆਫ਼ਰ ਲੈਟਰ ਵੀ ਦੇ ਦਿੱਤੇ। ਇਸ ਤੋਂ ਬਾਅਦ ਸਾਰੇ ਦੇ ਸਾਰੇ ਆਫ਼ਰ ਲੈਟਰ ਫ਼ਰਜ਼ੀ ਨਿਕਲੇ। ਇਸ ਤੋਂ ਪਰੇਸ਼ਾਨ ਹੋ ਕੇ ਅਮਨਦੀਪ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਾਂਚ ਤੋਂ ਬਾਅਦ ਸੋਹਾਣਾ ਥਾਣਾ ਪੁਲਸ ਨੇ ਦਿੱਲੀ ਵਾਸੀ ਮਨੋਜ ਤੇ ਮੁੰਬਈ ਵਾਸੀ ਪ੍ਰਦੀਪ ’ਤੇ ਕੇਸ ਪਰਚਾ ਦਰਜ ਕਰ ਲਿਆ।