ਟੂਰਿਸਟ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ 88 ਹਜ਼ਾਰ ਠੱਗੇ

Thursday, Apr 25, 2024 - 05:17 PM (IST)

ਟੂਰਿਸਟ ਵੀਜ਼ੇ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 11 ਲੱਖ 88 ਹਜ਼ਾਰ ਠੱਗੇ

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਸੰਧੂਆਂ ਵਾਲਾ ਨਿਵਾਸੀ ਸੰਦੀਪ ਸਿੰਘ ਨੂੰ ਟੂਰਿਸਟ ਵੀਜ਼ੇ ਦੇ ਆਧਾਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 11 ਲੱਖ 88 ਹਜ਼ਾਰ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੰਦੀਪ ਸਿੰਘ ਨਿਵਾਸੀ ਪੱਤੀ ਸੰਧੂਆਂਵਾਲਾ ਮੋਗਾ ਨੇ ਕਿਹਾ ਕਿ ਕਥਿਤ ਮੁਲਜ਼ਮ ਟਰੈਵਲ ਏਜੰਟ ਹਿਲਾਲ ਅਹਿਮਦ ਮੀਰ ਨਿਵਾਸੀ ਕਸ਼ਮੀਰ ਬਾਰਾਮੁੱਲਾ ਨਾਲ ਉਸ ਦੀ ਮਾਰਚ-ਅਪ੍ਰੈਲ 2019 ਵਿਚ ਸਾਡੀ ਜਾਣ-ਪਛਾਣ ਹੋਈ ਸੀ, ਜਿਸ ’ਤੇ ਮੈਂ ਅਤੇ ਮੇਰੇ ਦੋਸਤਾਂ ਨੇ ਅੰਮ੍ਰਿਤਪਾਲ ਸਿੰਘ ਨਿਵਾਸੀ ਮਹਿਰੋ ਆਦਿ ਨੇ ਇਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਟੂਰਿਸਟ ਵੀਜ਼ੇ ’ਤੇ ਤੁਹਾਨੂੰ ਕੈਨੇਡਾ ਭੇਜ ਦੇਵੇਗਾ, ਜਿਸ ’ਤੇ 10 ਲੱਖ ਰੁਪਏ ਖਰਚਾ ਆਵੇਗਾ। ਮੈਂ ਉਸ ’ਤੇ ਵਿਸ਼ਵਾਸ ਕਰ ਲਿਆ ਅਤੇ ਵੱਖ-ਵੱਖ ਤਰੀਕਾਂ ਵਿਚ ਉਸ ਨੂੰ 11 ਲੱਖ 88 ਹਜ਼ਾਰ ਰੁਪਏ ਭੇਜ ਦਿੱਤੇ।

ਇਸ ਤੋਂ ਬਾਅਦ ਸਾਨੂੰ ਇਸ ਨੇ ਲੈਟਰ ਦਿੱਤੀ ਕਿ ਇਹ ਤੁਹਾਡੀ ਵੈਰੀਫਿਕੇਸ਼ਨ ਲੈਟਰ ਹੈ, ਤੁਹਾਡਾ ਵੀਜ਼ਾ ਲੱਗ ਚੁੱਕਾ ਹੈ, ਜੋ 15 ਦਿਨ ਦਾ ਟੂਰਿਸਟ ਵੀਜ਼ਾ ਹੈ। ਇਸ ਉਪਰੰਤ ਇਸ ਨੇ ਸਾਡੇ ਕੋਲੋਂ ਹੋਰ ਪੈਸੇ ਵੀ ਲੈ ਲਏ ਅਤੇ ਕਹਿਣ ਲੱਗਾ ਕਿ ਮੈਂ ਕੈਨੇਡਾ ਵਿਚ ਵਰਕ ਪਰਮਿਟ ਲਗਾ ਦੇਵਾਂਗਾ। ਇਸ ਉਪਰੰਤ ਦੋ ਸਾਲ ਲਾਕਡਾਊਨ ਹੋਣ ਕਾਰਣ ਸਾਡਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਅਤੇ ਇਸ ਤਰ੍ਹਾਂ ਉਸ ਨੇ ਨਾ ਤਾਂ ਵਿਜ਼ਿਟਰ ਵੀਜ਼ੇ ’ਤੇ ਕੈਨੇਡਾ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਜ਼ਿਲ੍ਹਾ ਪੁਲਸ ਮੁਖੀ ਨੇ ਇਸ ਦੀ ਜਾਂਚ ਐੱਸ. ਪੀ. ਡੀ. ਵੱਲੋਂ ਕਰਵਾਈ। ਪੁਲਸ ਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਸਹੀ ਪਾਇਆ ਅਤੇ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਹਿਲਾਲ ਅਹਿਮਦ ਮੀਰ ਨਿਵਾਸੀ ਬਾਰਜੂਉਲਾ ਬਾਰਾਮੁੱਲਾ ਸ਼੍ਰੀਨਗਰ ਖ਼ਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਣਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


author

Gurminder Singh

Content Editor

Related News