ਵਰਕ ਪਰਮਿੱਟ ਦੀ ਥਾਂ ਟੂਰਿਸਟ ਵੀਜ਼ੇ ’ਤੇ ਭੇਜ ਕੇ ਮਾਰੀ 2 ਲੱਖ ਦੀ ਠੱਗੀ, ਮਾਮਲਾ ਦਰਜ

05/05/2024 1:53:33 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨੂੰ ਕੰਬੋਡੀਆ ਦੇਸ਼ ਦੇ ਵਰਕ ਪਰਮਿਟ 'ਤੇ ਭੇਜਣ ਦਾ ਝਾਂਸਾ ਦੇ ਕੇ ਉਸ ਨੂੰ ਟੂਰਿਸਟ ਵੀਜ਼ੇ ’ਤੇ ਭੇਜ ਕੇ ਉੁਸ ਨਾਲ 2 ਲੱਖ 35 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਦੇ ਕਥਿਤ ਦੋਸ਼ ਹੇਠ ਪੁਲਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਆਰਿਫ਼ ਪੁੱਤਰ ਅਸਲਮ ਖਾਂ ਵਾਸੀ ਚਹਿਲਾਂ ਪੱਤੀ ਨੇ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਕੋਲ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਪਰਿਵਾਰ ਦਾ ਭਵਿੱਖ ਵਧੀਆ ਬਣਾਉਣ ਦੇ ਮਕਸਦ ਨਾਲ ਵਿਦੇਸ਼ ਜਾਣਾ ਚਾਹੁੰਦਾ ਸੀ।

ਉਸ ਦੀ ਵਿਦੇਸ਼ ਜਾਣ ਦੀ ਇੱਛਾ ਦਾ ਉਸਦੀ ਮਾਸੀ ਦੇ ਲੜਕਿਆਂ ਰਿਜਵਾਨ ਅਤੇ ਬਾਹਸ ਖ਼ਾਨ ਪੁੱਤਰਾਨ ਜਹਾਨ ਖ਼ਾਂ ਨੂੰ ਪਤਾ ਚੱਲਣ ’ਤੇ ਉਨ੍ਹਾਂ ਉਸ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਣ-ਪਹਿਚਾਣ ਦਾ ਇਕ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਸੋਨੀ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਵਰਕ ਵੀਜ਼ੇ ’ਤੇ ਭੇਜਣ ਦਾ ਕੰਮ ਕਰਦਾ ਹੈ। ਇਨ੍ਹਾਂ ਦੋਵਾਂ ਦੇ ਭਰੋਸਾ ’ਚ ਆ ਕੇ ਉਹ ਗੁਰਪ੍ਰੀਤ ਸਿੰਘ ਨੂੰ ਮਿਲਿਆ, ਜਿਸ ਨੇ ਉਸ ਨੂੰ ਕੰਬੋਡੀਆ ਦੇਸ਼ ’ਚ ਫਲ, ਸਬਜ਼ੀਆਂ ਜਾਂ ਮੀਟ ਆਦਿ ਦੀ ਪੈਕਿੰਗ ਦੇ ਕੰਮ ਲਈ ਵਰਕ ਵੀਜ਼ਾ ਲਗਵਾ ਕੇ ਦੇਣ ਬਾਰੇ ਦੱਸਿਆ ਅਤੇ ਉੱਥੇ ਜਾਣ ਦੀ ਟਿਕਟ ਸਮੇਤ 2 ਲੱਖ ਰੁਪਏ ਦਾ ਖ਼ਰਚਾ ਆਉਣ ਬਾਰੇ ਦੱਸਿਆ।

ਜਿਸ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮਾਸੀ ਦੇ ਲੜਕਿਆਂ ਨੇ ਚੁੱਕੀ, ਇਸ ਤੋਂ ਬਾਅਦ ਉਸ ਨੇ 35 ਹਜ਼ਾਰ ਰੁਪਏ ਐਡਵਾਂਸ ਰਕਮ ਵਜੋਂ ਅਤੇ ਪਾਸਪੋਰਟ ਦੀ ਕਾਪੀ ਵੀ ਗੁਰਪ੍ਰੀਤ ਸਿੰਘ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਮੋਬਾਇਲ ਫ਼ੋਨ ’ਤੇ ਉਸ ਦਾ ਕੰਬੋਡੀਆ ਦੇਸ਼ ਦਾ ਈ-ਵੀਜ਼ਾ ਭੇਜ ਕੇ ਦੱਸਿਆ ਕਿ ਤੇਰਾ ਵੀਜ਼ਾ ਲੱਗ ਗਿਆ ਹੈ ਅਤੇ ਬਾਕੀ ਰਹਿੰਦੇ ਪੈਸਿਆਂ ਦੀ ਮੰਗ ਵੀ ਕੀਤੀ ਤਾਂ ਉਸ ਨੇ ਕਿਸੇ ਤਰ੍ਹਾਂ ਨਾਲ ਰੁਪਿਆ ਦਾ ਇੰਤਜ਼ਾਮ ਕਰ ਕੇ 2 ਲੱਖ ਰੁਪਏ ਹੋਰ ਗੁਰਪ੍ਰੀਤ ਸਿੰਘ ਨੂੰ ਦੇ ਦਿੱਤੇ। ਇਸ ਉਪਰੰਤ ਉਨ੍ਹਾਂ ਮੈਨੂੰ ਕੰਬੋਡੀਆ ਭੇਜ ਦਿੱਤਾ ਤੇ ਉੱਥੇ ਕਥਿਤ ਤੌਰ ’ਤੇ ਇਕ ਕਮਰੇ ’ਚ ਬੰਦ ਕਰਵਾ ਕੇ ਪਾਸਪੋਰਟ ਲੈ ਲਿਆ ਤੇ ਅੱਗੇ ਵੀਅਤਨਾਮ ਜਾਣ ਲਈ ਡੌਂਕੀ ਲਗਾ ਕੇ ਜਾਣ ਲਈ ਕਿਹਾ ਪਰ ਮੈਂ ਅੱਗੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਆਪਣਾ ਪਾਸਪੋਰਟ ਉਨ੍ਹਾਂ ਕੋਲੋਂ ਲੈ ਕੇ ਵਾਪਸ ਭਾਰਤ ਆ ਗਿਆ।

ਸਥਾਨਕ ਪੁਲਸ ਨੇ ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਆਰਿਫ਼ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੋਨੀ ਉਰਫ਼ ਗੁਰਪ੍ਰੀਤ ਸਿੰਘ ਵਾਸੀ ਕਿਲ੍ਹਾ ਰਹਿਮਤਗੜ੍ਹ ਮਾਲੇਰਕੋਟਲਾ, ਰਿਜਵਾਨ ਉਰਫ਼ ਸਾਜੀ ਪੁੱਤਰ ਜਹਾਨ ਖ਼ਾਨ, ਬਾਹਸ ਖ਼ਾਨ ਪੁੱਤਰ ਜਹਾਨ ਖਾਂ ਵਾਸੀਆਨ ਕਿਲ੍ਹਾ ਰਹਿਮਤਗੜ ਜ਼ਿਲਾ ਮਾਲੇਰਕੋਟਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News