ਕਲਿਆਣ ਜਿਊਲਰਜ਼ ਦੇ ਨਾਂ ’ਤੇ ਦੁਕਾਨਦਾਰ ਨਾਲ ਮਾਰੀ 25 ਲੱਖ ਦੀ ਠੱਗੀ, 2 ਨਾਮਜ਼ਦ
Monday, May 06, 2024 - 01:33 PM (IST)
ਬਠਿੰਡਾ (ਸੁਖਵਿੰਦਰ) - ਕਲਿਆਣ ਜਿਊਲਰਜ਼ ਦੀ ਫਰੈਚਾਈਜੀ ਦੇਣ ਦੇ ਨਾਂ ’ਤੇ ਦੁਕਾਨਦਾਰ ਨਾਲ 2 ਲੋਕਾਂ ਵਲੋਂ 25 ਲੱਖ ਦੀ ਠੱਗੀ ਮਾਰਨ ਦੀ ਸੂਚਨਾ ਮਿਲੀ ਹੈ। ਇਸ ਮਾਮਲੇ ਦੇ ਸਬੰਧ ਵਿਚ ਦੋ ਲੋਕਾਂ ਖ਼ਿਲਾਫ਼ ਕੋਤਵਾਲੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਕੇਸ਼ ਇੰਸਾਂ ਵਾਸੀ ਮਿਨੋਚਾ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਸੌਰਵ ਕੁਮਾਰ ਵਾਸੀ ਗੁਲਜਾਰਬਾਗ ਪਟਨਾ ਬਿਹਾਰ ਅਤੇ ਸੰਦੀਪ ਕੁਮਾਰ ਵਾਸੀ ਸਹਿਬਾਜਗੰਜ ਝਾਰਖੰਡ ਵੱਲੋਂ ਕਲਿਆਣ ਜਿਊਲਰਜ਼ ਦੀ ਫਰੈਚਾਈਜੀ ਦਿਵਾਉਣ ਦਾ ਝਾਂਸਾ ਦੇ ਕੇ ਆਪਣੀਆਂ ਗੱਲਾਂ ਵਿਚ ਫਸਾ ਲਿਆ।
ਦੂਜੇ ਪਾਸੇ ਮੁਲਜ਼ਮਾਂ ਦੀਆਂ ਗੱਲਾਂ ’ਚ ਆ ਕੇ ਸ਼ਿਕਾਇਤਕਰਤਾ ਨੇ ਉਕਤ ਮੁਲਜ਼ਮਾਂ ਨੂੰ 25 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਜਦੋਂ ਉਸ ਨੂੰ ਫਰੈਚਾਈਜੀ ਨਾ ਮਿਲੀ ਤਾਂ ਉਸ ਵੱਲੋਂ ਮੁਲਜ਼ਮਾਂ ਨੂੰ ਪੁੱਛਿਆ ਗਿਆ ਪਰ ਉਨ੍ਹਾਂ ਵੱਲੋਂ ਤਸੱਲੀਬਖਸ਼ ਜੁਆਬ ਨਹੀਂ ਦਿੱਤਾ। ਕੁਝ ਸਮਾਂ ਬਾਅਦ ਮੁਲਜ਼ਮਾਂ ਨੇ ਉਸ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ, ਜਿਸ ਤੋਂ ਉਸ ਨੂੰ ਠੱਗੀ ਦਾ ਪਤਾ ਲੱਗਿਆ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।