ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
Saturday, Apr 20, 2024 - 05:36 PM (IST)

ਸੋਨੀਪਤ- ਹਰਿਆਣਾ ਦੇ ਜ਼ਿਲ੍ਹੇ ਸੋਨੀਪਤ ਤੋਂ ਇਕ ਦੁਖ਼ਦ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਇਕ ਕਲਯੁੱਗੀ ਮਾਂ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੀ 5 ਸਾਲ ਦੀ ਧੀ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਫ਼ਿਲਹਾਲ ਪੁਲਸ ਨੇ ਮਾਸੂਮ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਅਤੇ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ਦੀ ਇੰਡੀਅਨ ਕਾਲੋਨੀ ਵਾਸੀ ਫਿਰੋਜ਼ ਦਾ ਰਵੀਨਾ ਨਾਂ ਦੀ ਔਰਤ ਨਾਲ ਵਿਆਹ ਹੋਇਆ ਸੀ, ਜਿਨ੍ਹਾਂ ਦੀ 5 ਸਾਲ ਦੀ ਧੀ ਤਨਵੀ ਸੀ। ਕਰੀਬ ਡੇਢ ਸਾਲ ਪਹਿਲਾਂ ਰਵੀਨਾ ਅਤੇ ਫਿਰੋਜ਼ ਦਾ ਤਲਾਕ ਹੋ ਗਿਆ ਸੀ ਅਤੇ ਰਵੀਨਾ ਹੁਣ ਆਪਣੇ ਆਸ਼ਿਕ ਨਾਲ ਰਹਿ ਰਹੀ ਸੀ। 8 ਮਹੀਨੇ ਪਹਿਲਾਂ ਆਪਣੀ ਧੀ ਨੂੰ ਵੀ ਆਪਣੇ ਨਾਲ ਲੈ ਗਈ ਸੀ ਪਰ ਪਤੀ ਫਿਰੋਜ਼ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਧੀ ਨਾਲ ਅਜਿਹਾ ਹੋਵੇਗਾ।
ਇਹ ਵੀ ਪੜ੍ਹੋ- ਸਕੂਲ ਬੱਸ ਹਾਦਸੇ ਦੀ ਵੀਡੀਓ ਆਈ ਸਾਹਮਣੇ, ਡਰਾਈਵਰ ਦੀ ਗਲਤੀ ਨੇ ਖੋਹ ਲਈਆਂ 6 ਮਾਸੂਮ ਬੱਚੀਆਂ ਦੀਆਂ ਜਾਨਾਂ
ਫਿਰੋਜ਼ ਨੇ ਦੱਸਿਆ ਕਿ ਉਸ ਨੂੰ ਫੋਨ ਕਾਲ ਆਈ ਸੀ ਕਿ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਦੀ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਮਾਸੂਮ ਦੇ ਪਿਤਾ ਦਾ ਦੋਸ਼ ਹੈ ਕਿ ਉਸ ਦੀ ਪਤਨੀ ਰਵੀਨਾ ਅਤੇ ਉਸ ਦੇ ਆਸ਼ਿਕ ਪੰਕਜ ਨੇ ਮਿਲ ਕੇ ਉਸ ਦੀ ਧੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਉੱਥੇ ਹੀ ਪਰਿਵਾਰ ਨੇ ਦੋਹਾਂ ਖਿਲਾਫ਼ ਸਖ਼ਤ ਕਾਰਵਾਈ ਅਤੇ ਫਾਂਸੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ; ਸੁਰੱਖਿਆ ਕਰਮੀਆਂ ਨਾਲ ਭਰੀ ਬੱਸ ਪਲਟੀ, ਚੋਣ ਡਿਊਟੀ ਕਰ ਕੇ ਪਰਤ ਰਹੇ ਸਨ ਜਵਾਨ
ਓਧਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਦਰ ਥਾਣਾ ਇੰਚਾਰਜ ਸੇਠੀ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ 5 ਸਾਲ ਦੀ ਕੁੜੀ ਦਾ ਕਤਲ ਕਰ ਦਿੱਤਾ ਗਿਆ ਹੈ। ਸੋਨੀਪਤ ਦੇ ਮੋਹਨ ਨਗਰ ਤੋਂ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਕੁੜੀ ਦਾ ਨਾਂ ਤਨਵੀ ਹੈ। ਤਨਵੀ ਦਾ ਕਤਲ ਉਸ ਦੀ ਮਾਂ ਰਵੀਨਾ ਅਤੇ ਉਸ ਦੇ ਦੋਸਤ ਪੰਕਜ ਨੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕੀਤਾ ਹੈ। ਮਾਮਲੇ ਦੀ ਸ਼ਿਕਾਇਤ ਮਗਰੋਂ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਵਾਰਦਾਤ ਮਗਰੋਂ ਦੋਵੇਂ ਦੋਸ਼ੀ ਫ਼ਰਾਰ ਹਨ। ਸੇਠੀ ਨੇ ਕਿਹਾ ਕਿ ਦੋਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e