ਸਰਕਾਰੀ ਨੌਕਰੀ ਦਿਵਾਉਣ ’ਦੇ ਨਾਮ ’ਤੇ ਠੱਗੀ ਮਾਰਨ ਵਾਲੇ 2 ਗ੍ਰਿਫਤਾਰ
Monday, Apr 08, 2024 - 05:49 PM (IST)
ਬਠਿੰਡਾ (ਸੁਖਵਿੰਦਰ) : ਥਾਣਾ ਥਰਮਲ ਪੁਲਸ ਨੇ ਰਾਜਸਥਾਨ ਦੇ ਜੰਗਲਾਤ ਵਿਭਾਗ ’ਚ ਨੌਕਰੀ ਦਿਵਾਉਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਰਾਜਸਥਾਨ ਜੰਗਲਾਤ ਵਿਭਾਗ ਦੀ ਵਰਦੀ ਪਾ ਕੇ ਖੇਤਾਂ ਸਿੰਘ ਕਾਲੋਨੀ ’ਚ ਘੁੰਮ ਰਹੇ ਹਨ। ਉਕਤ ਲੋਕ ਉਥੋਂ ਦੇ ਲੋਕਾਂ ਨੂੰ ਰਾਜਸਥਾਨ ’ਚ ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ ਕੁਝ ਫਾਰਮ ਭਰਵਾ ਰਹੇ ਸਨ ਅਤੇ ਬਦਲੇ ’ਚ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਰਹੇ ਸਨ।
ਸੂਚਨਾ ਮਿਲਣ ’ਤੇ ਐੱਸ. ਆਈ. ਪਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਮੱਖਣ ਲਾਲ ਵਾਸੀ ਖੇੜਾ ਜ਼ਿਲ੍ਹਾ ਸਿਰਸਾ ਅਤੇ ਰਘਵੀਰ ਸਿੰਘ ਵਾਸੀ ਕੇਸਰੀ ਸਿੰਘਵਾਲਾ ਸ੍ਰੀ ਗੰਗਾਨਗਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਥਰਮਲ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।