ਪ੍ਰਧਾਨ ਮੰਤਰੀ ਅਾਵਾਸ ਯੋਜਨਾ ਦੇ ਨਾਂ ’ਤੇ ਠੱਗੀ ਪਤੀ-ਪਤਨੀ ਸਮੇਤ 4 ਗ੍ਰਿਫਤਾਰ
Friday, Jul 27, 2018 - 03:19 AM (IST)
ਬਠਿੰਡਾ(ਸੁਖਵਿੰਦਰ)-ਪ੍ਰਧਾਨ ਮੰਤਰੀ ਅਾਵਾਸ ਯੋਜਨਾ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਨ ਅਤੇ ਕੁੱਟ-ਮਾਰ ਕਰਨ ਦੇ ਦੋਸ਼ਾਂ ’ਚ ਕੋਤਵਾਲੀ ਪੁਲਸ ਵੱਲੋਂ ਪਤੀ-ਪਤਨੀ ਅਤੇ ਉਸਦੀ ਲਡ਼ਕੀ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਸੁਭਾਸ਼ ਚੰਦਰ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਉਸਦੀ ਪਤਨੀ ਆਰਤੀ, ਲਡ਼ਕੀ ਰਿਦਮ ਵੱਲੋਂ ਪ੍ਰਧਾਨ ਮੰਤਰੀ ਅਾਵਾਸ ਯੋਜਨਾ ਤਹਿਤ ਸਸਤਾ ਲੋਨ ਦਿਵਾਉਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਦੇ ਹਨ। ਬੀਤੇ ਦਿਨੀਂ ਉਕਤ ਮੁਲਜ਼ਮ ਬੱਸ ਸਟੈਂਡ ਦੇ ਪਿੱਛੇ ਇਕ ਦੁਕਾਨ ’ਚ ਯੋਜਨਾ ਤਹਿਤ ਲੋਨ ਦਿਵਾਉਣ ਲਈ ਫਾਰਮ ਭਰਵਾ ਰਹੇ ਸਨ। ਵੱਧ ਪੈਸੇ ਵਸੂਲਣ ਨੂੰ ਲੈ ਕੇ ਕੁਝ ਅੌਰਤਾਂ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਦਕਿ ਉਕਤ ਜਗ੍ਹਾਂ ’ਤੇ ਉਕਤ ਸ਼ਿਕਾਇਤਕਰਤਾ ਮੌਜੂਦ ਸੀ। ਜਦੋਂ ਉਸ ਵੱਲੋਂ ਮੁਲਜ਼ਮਾਂ ਦੀ ਵੀਡੀਓ ਬਣਾਈ ਤਾਂ ਉਨ੍ਹਾਂ ਨੇ ਉਸਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਉਸ ਦਾ ਮੋਬਾਇਲ ਵੀ ਖੋਹ ਲਿਆ। ਸੂਚਨਾ ਮਿਲਣ ’ਤੇ ਬੱਸ ਸਟੈਂਡ ਚੌਕੀ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮਾਂ ਖਿਲਾਫ ਥਾਣਾ ਕੋਤਵਾਲੀ ਵਿਖੇ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।
