ਪਤਨੀ ਤੋਂ ਤੰਗ ਪਤੀ ਨੇ ਕੀਤੀ ਖ਼ੁਦਕੁਸ਼ੀ, ਨਾਜਾਇਜ਼ ਸਬੰਧਾਂ ਦਾ ਦੋਸ਼
Monday, Feb 16, 2026 - 10:50 AM (IST)
ਜ਼ੀਰਾ (ਜ. ਬ.) : ਜ਼ੀਰਾ ਨਿਵਾਸੀ ਇਕ ਵਿਅਕਤੀ ਵੱਲੋਂ ਪਤਨੀ ਤੋਂ ਤੰਗ ਆ ਕੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਰਕਾਰੀ ਹਸਪਤਾਲ ਜ਼ੀਰਾ ਵਿਖੇ ਗੱਲਬਾਤ ਕਰਦਿਆਂ ਮ੍ਰਿਤਕ ਰਣਬੀਰ ਸਿੰਘ ਰਾਣਾ ਦੀ ਮਾਤਾ ਪ੍ਰਕਾਸ਼ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਅਵਾਨ ਰੋਡ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਣਬੀਰ ਸਿੰਘ ਰਾਣਾ (49) 6 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਮਲੇਸ਼ੀਆ ਵਿਖੇ ਗਿਆ ਹੋਇਆ ਸੀ ਅਤੇ ਅਜੇ ਉਸ ਨੂੰ ਘਰ ਪਰਤੇ ਨੂੰ 8 ਮਹੀਨੇ ਹੋਏ ਸਨ। ਹੁਣ ਉਹ ਜ਼ੀਰਾ ਦੀ ਇਕ ਕਾਲੋਨੀ ’ਚ ਸਕਿਓਰਟੀ ਗਾਰਡ ਵਜੋਂ ਨੌਕਰੀ ਕਰ ਰਿਹਾ ਸੀ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਪ੍ਰਕਾਸ਼ ਕੌਰ ਨੇ ਦੋਸ਼ ਲਾਇਆ ਕਿ ਰਣਬੀਰ ਸਿੰਘ ਰਾਣਾ ਦੀ ਪਤਨੀ ਬਲਵਿੰਦਰ ਕੌਰ ਦੇ ਜ਼ੀਰਾ ਨਿਵਾਸੀ ਕਿਸੇ ਵਿਅਕਤੀ ਨਾਲ ਸੰਬੰਧ ਸਨ, ਜਿਸ ਬਾਰੇ ਸਾਨੂੰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ ’ਤੇ ਘਰ ’ਚ ਕਲੇਸ਼ ਰਹਿੰਦਾ ਸੀ। ਜਦ ਰਣਬੀਰ ਸਿੰਘ ਰਾਣਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਵੀ ਬਲਵਿੰਦਰ ਕੌਰ ਨੂੰ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ। ਪ੍ਰਕਾਸ਼ ਕੌਰ ਨੇ ਅੱਗੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਕਥਿਤ ਤੌਰ ’ਤੇ ਉਨ੍ਹਾਂ ਦਾ ਘਰ ਵੀ ਆਪਣੇ ਨਾਂ ਕਰਵਾ ਲਿਆ ਅਤੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।
ਇਸ ਮਗਰੋਂ ਉਨ੍ਹਾਂ ਦਾ ਪੁੱਤਰ ਰਣਬੀਰ ਸਿੰਘ ਰਾਣਾ ਅਤੇ ਸਾਰੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਰਹਿਣ ਲੱਗ ਗਏ ਅਤੇ ਭਲਕੇ ਉਨ੍ਹਾਂ ਦੇ ਪੁੱਤਰ ਰਣਬੀਰ ਸਿੰਘ ਨੇ ਸਮਾਜਿਕ ਬੇਇੱਜ਼ਤੀ ਨਾ ਬਰਦਾਸ਼ਤ ਕਰਦੇ ਹੋਏ ਜਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਜਦ ਇਸ ਸਬੰਧੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
