ਸ਼ੇਅਰ ਮਾਰਕੀਟ ਦੇ ਨਾਂ ’ਤੇ ਕਰੋੜਾਂ ਡਕਾਰਨ ਵਾਲਾ ਠੱਗ ਹਰਿਆਣਾ ਤੋਂ ਗ੍ਰਿਫਤਾਰ
Wednesday, Feb 18, 2026 - 04:13 AM (IST)
ਲੁਧਿਆਣਾ (ਰਾਜ) - ਪੁਲਸ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਦੇ ਨਾਮ ’ਤੇ ਮਾਸੂਮ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਸਾਈਬਰ ਕ੍ਰਾਇਮ ਸੈੱਲ ਦੀ ਟੀਮ ਨੇ ਹਰਿਆਣਾ ਦੇ ਰੇਵਾੜੀ ਵਿਚ ਛਾਪੇਮਾਰੀ ਕਰਕੇ ਸ਼ਾਤਰ ਮੁਲਜ਼ਮ ਵਿਕਰਮ ਯਾਦਵ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗਿਰੋਹ ਨੇ ਇਕ ਵਿਅਕਤੀ ਨੂੰ ਨਿਵੇਸ਼ ਦੇ ਜਾਲ ਵਿਚ ਫਸਾ ਕੇ ਉਸ ਤੋਂ ਭਾਰੀ ਰਕਮ ਠੱਗ ਲਈ ਸੀ।
ਜਾਣਕਾਰੀ ਦਿੰਦੇ ਏ.ਸੀ.ਪੀ. ਮੁਰਾਕ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਵਿਕਰਮ ਯਾਦਵ ਦੇ ਬੈਂਕ ਖਾਤੇ ਵਿਚ ਠੱਗੀ ਦੀ ਕੁਲ ਰਕਮ ਵਿਚੋਂ 60 ਲੱਖ ਰੁਪਏ ਟ੍ਰਾਂਸਫਰ ਹੋਏ ਸਨ। ਇਸ ਤੋਂ ਬਾਅਦ ਇੰਸਪੈਕਟਰ ਸਤਬੀਰ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਨੇ ਮੁਲਜ਼ਮ ਨੂੰ ਉਸ ਦੇ ਟਿਕਾਣੇ ਤੋਂ ਕਾਬੂ ਕੀਤਾ ਤੇ 17 ਫਰਵਰੀ ਤੱਕ ਪੁਲਸ ਰਿਮਾਂਡ ਹਾਸਲ ਕਰਕੇ ਉਸ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਗਈ।
ਪੁਲਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਮੁਲਜ਼ਮ ਆਪਣੇ ਹੋਰਨਾਂ ਸਾਥੀਆਂ ਦੇ ਨਾਲ ਮਿਲ ਕੇ ਲੋਕਾਂ ਨੂੰ ਝਾਂਸੇ ਵਿਚ ਲੈਂਦਾ ਸੀ ਅਤੇ ਉਨ੍ਹਾਂ ਨੂੰ ਰਾਤੋ ਰਾਤ ਅਮੀਰ ਬਣਨ ਦੇ ਸੁਪਨੇ ਦਿਖਾ ਕੇ ਉਨ੍ਹਾਂ ਦੇ ਬੈਂਕ ਖਾਤੇ ਖਾਲੀ ਕਰ ਦਿੰਦਾ ਸੀ। ਹਾਲ ਦੀ ਘੜੀ ਪੁਲਸ ਇਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਤੇ ਡਿਜੀਟਲ ਸਬੂਤ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਇਸ ਨੈੱਟਵਰਕ ਦੀਆਂ ਜੜ੍ਹਾਂ ਤੱਕ ਪੁੱਜਿਆ ਜਾ ਸਕੇ।
ਪੁਲਸ ਧਿਕਾਰੀਆਂ ਨੇ ਸ਼ਹਿਰਵਾਸੀਆਂ ਨੂੰ ਆਗਾਹ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਜਾਂ ਫੋਨ ’ਤੇ ਆਉਣ ਵਾਲੇ ਕਿਸੇ ਵੀ ਲੁਭਾਉਣੇ ਆਫਰ ਜਾਂ ਸ਼ੱਕੀ ਨਿਵੇਸ਼ ਦੇ ਮੈਸੇਜ ਤੋਂ ਸਾਵਧਾਨ ਰਹਿਣ। ਜੇਕਰ ਕੋਈ ਵੀ ਵਿਅਕਤੀ ਇਸ ਧੋਖਾਦੇਹੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਤੁਰੰਤ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰੇ ਤਾਂ ਕਿ ਸਮਾਂ ਰਹਿੰਦੇ ਠੱਗਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ।
