36 ਸਾਲਾਂ ’ਚ ਪਹਿਲੀ ਵਾਰ ਮਈ ’ਚ ਪਿਆ ਸੋਕਾ, ਗਰਮੀ ਦੀ ਮਾਰ ਕਾਰਨ 432 ਮੈਗਾਵਾਟ ਤੱਕ ਪੁੱਜੀ ਬਿਜਲੀ ਦੀ ਖ਼ਪਤ

05/28/2024 6:08:03 AM

ਚੰਡੀਗੜ੍ਹ (ਰੋਹਾਲ)– ਚੰਡੀਗੜ੍ਹ ’ਚ ਇਸ ਵਾਰ ਮਈ ਮਹੀਨੇ ਮੌਸਮ ਦੇ ਸਾਰੇ ਪੁਰਾਣੇ ਰਿਕਾਰਡ ਟੁੱਟਣਾ ਹੁਣ ਰੋਜ਼ ਦੀ ਗੱਲ ਹੋ ਗਈ ਹੈ। ਚੰਡੀਗੜ੍ਹ ’ਚ ਸੋਮਵਾਰ ਨੂੰ ਜਿਥੇ ਪਹਿਲੀ ਵਾਰ ਮਈ ਮਹੀਨੇ ’ਚ ਪਹਿਲੀ ਵਾਰ ਪਾਰਾ ਲਗਾਤਾਰ ਦੂਜੇ ਦਿਨ 44 ਡਿਗਰੀ ਤੋਂ ਉੱਪਰ ਰਿਹਾ ਤੇ 38 ਸਾਲਾਂ ’ਚ ਇਹ ਪਹਿਲੀ ਵਾਰ ਹੈ ਕਿ ਚੰਡੀਗੜ੍ਹ ’ਚ ਪਾਣੀ ਦੀ ਇਕ ਬੂੰਦ ਵੀ ਨਹੀਂ ਵਰਸੀ। ਇਸ ਮਹੀਨੇ ਦੇ ਬਾਕੀ ਬਚੇ 4 ਦਿਨਾਂ ’ਚ ਵੀ ਸ਼ਹਿਰ ’ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

ਲਗਾਤਾਰ ਪੈ ਰਹੀ ਭਿਆਨਕ ਗਰਮੀ ਦਾ ਅਸਰ ਇਹ ਹੈ ਕਿ ਚੰਡੀਗੜ੍ਹ ’ਚ ਬਿਜਲੀ ਦੀ ਖ਼ਪਤ ਹੁਣ ਪੀਕ ਆਵਰਜ਼ ਦੌਰਾਨ 432 ਮੈਗਾਵਾਟ ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਕੋਲ 500 ਮੈਗਾਵਾਟ ਬਿਜਲੀ ਮੁਹੱਈਆ ਹੈ ਪਰ 18 ਮਈ ਤੋਂ ਬਾਅਦ ਸ਼ਹਿਰ ’ਚ ਬਿਜਲੀ ਦੀ ਖ਼ਪਤ ਲਗਾਤਾਰ ਵੱਧ ਰਹੀ ਹੈ। ਗਰਮੀ ਤੇ ਬਿਜਲੀ ਦਾ ਲੋਡ ਵਧਣ ਦੇ ਨਾਲ ਹੀ ਬਿਜਲੀ ਵਿਭਾਗ ਦੇ 12 ਸ਼ਿਕਾਇਤ ਕੇਂਦਰਾਂ ’ਤੇ ਰੋਜ਼ਾਨਾ ਮਿਲਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ 240 ਦੇ ਕਰੀਬ ਪਹੁੰਚ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਹਸਪਤਾਲ ’ਚ ਹੀ ਕੀਤੀ ਜੀਵਨ ਲੀਲਾ ਸਮਾਪਤ

1988 ਤੋਂ ਬਾਅਦ ਪਹਿਲੀ ਵਾਰ ਸ਼ਹਿਰ ਦੇ ਲੋਕਾਂ ਨੂੰ ਮਈ ਦੀ ਗਰਮੀ ਤੋਂ ਰਾਹਤ ਦਿਵਾਉਣ ਵਾਲੀ ਮੀਂਹ ਦੀ ਇਕ ਬੂੰਦ ਵੀ ਨਹੀਂ ਪਈ। ਆਮ ਤੌਰ ’ਤੇ ਹਰ ਸਾਲ ਮਈ ਮਹੀਨੇ ਕਦੇ ਘੱਟ ਜਾਂ ਕਦੇ ਜ਼ਿਆਦਾ ਮੀਂਹ ਗਰਮੀ ਦੀ ਤਪਸ਼ ਨੂੰ ਵਧਣ ਤੋਂ ਰੋਕਦਾ ਰਿਹਾ ਹੈ। ਪਿਛਲੇ ਸਾਲ ਹੀ ਮਈ ਮਹੀਨੇ 119.6 ਮਿਲੀਮੀਟਰ ਮੀਂਹ ਪਿਆ ਸੀ। ਹਰ ਸਾਲ ਮਈ ਮਹੀਨੇ ਚੰਡੀਗੜ੍ਹ ’ਚ 2.2 ਮਿਲੀਮੀਟਰ ਤੋਂ ਲੈ ਕੇ 119 ਮਿਲੀਮੀਟਰ ਤੱਕ ਮੀਂਹ ਪੈਂਦਾ ਰਿਹਾ ਹੈ। ਮਈ-ਜੂਨ ਦੇ ਮਹੀਨੇ ਦੀ ਗਰਮੀ ਕਾਰਨ ਪੱਛਮ ਤੋਂ ਗਰਮ ਹਵਾਵਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਇਨ੍ਹਾਂ ਪੱਛਮੀ ਹਵਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਾਲਾ ਮੀਂਹ ਨਹੀਂ ਪਿਆ। 1988 ’ਚ ਵੀ ਮਈ ਮਹੀਨੇ ਸ਼ਹਿਰ ’ਚ ਬਿਲਕੁਲ ਵੀ ਮੀਂਹ ਨਹੀਂ ਪਿਆ, ਜਿਸ ਦਾ ਅਸਰ ਇਹ ਹੋਇਆ ਕਿ ਉਸ ਸਾਲ 28 ਮਈ ਨੂੰ ਚੰਡੀਗੜ੍ਹ ’ਚ ਅੱਜ ਤੱਕ ਦਾ ਸਭ ਤੋਂ ਵੱਧ ਤਾਪਮਾਨ 46.5 ਡਿਗਰੀ ਦਰਜ ਕੀਤਾ ਗਿਆ ਸੀ।

ਇਸ ਮਹੀਨੇ ਝੁਲਸਾਉਂਦੀ ਗਰਮੀ ਤੋਂ ਰਾਹਤ ਦੀ ਸੰਭਾਵਨਾ ਨਹੀਂ
ਮੌਸਮ ਵਿਭਾਗ ਅਨੁਸਾਰ ਫ਼ਿਲਹਾਲ 31 ਮਈ ਤੱਕ ਇਸ ਝੁਲਸਾਉਂਦੀ ਗਰਮੀ ਦੇ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਲਗਾਤਾਰ 43 ਤੋਂ 44 ਡਿਗਰੀ ਤੱਕ ਰਹੇਗਾ। ਹਾਲਾਤ ਇਹ ਬਣੇ ਹੋਏ ਹਨ ਕਿ ਚੰਡੀਗੜ੍ਹ ਹਵਾਈ ਅੱਡੇ ’ਤੇ ਤਾਪਮਾਨ ਲਗਾਤਾਰ ਦੂਜੇ ਦਿਨ 45 ਡਿਗਰੀ ਨੂੰ ਪਾਰ ਕਰਕੇ 45.1 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ 31 ਮਈ ਨੂੰ ਪਹਾੜੀ ਇਲਾਕਿਆਂ ’ਚ ਪੈਣ ਵਾਲੇ ਮੀਂਹ ਕਾਰਨ ਚੰਡੀਗੜ੍ਹ ਦੇ ਤਾਪਮਾਨ ’ਚ ਕੁਝ ਕਮੀ ਆ ਸਕਦੀ ਹੈ।

8 ਦਿਨਾਂ ’ਚ ਇਸ ਤਰ੍ਹਾਂ ਵਧੀ ਬਿਜਲੀ ਦੀ ਖ਼ਪਤ

ਮਿਤੀ- ਖ਼ਪਤ ਮੈਗਾਵਾਟ

  • 18 ਮਈ- 366
  • 19 ਮਈ- 356
  • 20 ਮਈ- 358
  • 21 ਮਈ- 415
  • 22 ਮਈ- 425
  • 23 ਮਈ- 426
  • 24 ਮਈ-429
  • 25 ਮਈ- 432

ਮਈ ’ਚ ਮੀਂਹ ਇਸ ਤਰ੍ਹਾਂ ਘੱਟ ਕਰਦਾ ਹੈ ਗਰਮੀ ਦਾ ਅਸਰ
ਜੇ ਪਿਛਲੇ ਸਾਲ ਨੂੰ ਹੀ ਯਾਦ ਕਰੀਏ ਤਾਂ ਪਿਛਲੇ ਸਾਲ ਮਈ ਮਹੀਨੇ ਸ਼ਹਿਰ ’ਚ 119.6 ਮਿਲੀਮੀਟਰ ਮੀਂਹ ਪਿਆ ਤੇ ਪਾਰਾ 43.1 ਡਿਗਰੀ ਤੋਂ ਉੱਪਰ ਨਹੀਂ ਗਿਆ ਸੀ। ਇਸੇ ਤਰ੍ਹਾਂ 2021 ’ਚ ਪਏ 58.8 ਮਿਲੀਮੀਟਰ ਮੀਂਹ ਨੇ ਤਾਪਮਾਨ 42.1 ਡਿਗਰੀ ਤੋਂ ਉੱਪਰ ਨਹੀਂ ਜਾਣ ਦਿੱਤਾ। ਮਈ ’ਚ ਪਏ ਮਾਮੂਲੀ ਮੀਂਹ ਨੇ ਵੀ ਤਾਪਮਾਨ ਵਧਣ ਤੋਂ ਰੋਕ ਦਿੱਤਾ। 2005 ’ਚ ਸ਼ਹਿਰ ’ਚ ਸਿਰਫ਼ 6.6 ਮਿਲੀਮੀਟਰ ਮੀਂਹ ਪਿਆ ਸੀ ਪਰ ਤਾਪਮਾਨ 42.2 ਤੋਂ ਅੱਗੇ ਨਹੀਂ ਵਧਿਆ। 2007 ’ਚ ਵੀ ਸ਼ਹਿਰ ’ਚ ਬਹੁਤ ਘੱਟ 4.8 ਮਿਲੀਮੀਟਰ ਮੀਂਹ ਪਿਆ ਸੀ ਪਰ ਇਸ ਘੱਟ ਮੀਂਹ ਨੇ ਵੀ ਸ਼ਹਿਰ ਦਾ ਤਾਪਮਾਨ 40.6 ਡਿਗਰੀ ’ਤੇ ਰੋਕੀ ਰੱਖਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News