‘ਗਰਮੀ ’ਚ ਬਿਜਲੀ ਦੇ ਕੱਟਾਂ ਅਤੇ ਫਾਲਟਾਂ ਤੋਂ’ ‘ਜਨਤਾ ਪ੍ਰੇਸ਼ਾਨ’

Thursday, May 23, 2024 - 05:12 AM (IST)

‘ਗਰਮੀ ’ਚ ਬਿਜਲੀ ਦੇ ਕੱਟਾਂ ਅਤੇ ਫਾਲਟਾਂ ਤੋਂ’ ‘ਜਨਤਾ ਪ੍ਰੇਸ਼ਾਨ’

ਇਨ੍ਹੀਂ ਦਿਨੀਂ ਅੱਧੇ ਤੋਂ ਵੱਧ ਦੇਸ਼ ’ਚ ਭਾਰੀ ਗਰਮੀ ਪੈਣ ਨਾਲ ਜਨ-ਜੀਵਨ ਬੇਤਰਤੀਬ ਹੋਇਆ ਪਿਆ ਹੈ। ਬਿਜਲੀ ਦੇ ਲੱਗਣ ਵਾਲੇ ਕੱਟਾਂ ਅਤੇ ਪੈਣ ਵਾਲੇ ਫਾਲਟਾਂ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਰੂਮ ਕੂਲਰ ਅਤੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰ ਕੇ ਰਾਹਤ ਪਾਉਣ ’ਚ ਅਸਮਰੱਥ ਹਨ।
ਰਾਜਧਾਨੀ ਦਿੱਲੀ ’ਚ ਬਿਜਲੀ ਦੀ ਮੰਗ ’ਚ ਵਾਧੇ ਦਾ ਪਿਛਲੇ ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨੁਸਾਰ 22 ਮਈ, 2024 ਨੂੰ ਉਥੇ ਬਿਜਲੀ ਦੀ ਮੰਗ 8000 ਮੈਗਾਵਾਟ ਤੱਕ ਪਹੁੰਚ ਗਈ, ਜੋ 2023 ’ਚ ਦਰਜ ਕੀਤੀ ਗਈ ਬਿਜਲੀ ਦੀ ਵੱਧ ਤੋਂ ਵੱਧ ਮੰਗ (7438 ਮੈਗਾਵਾਟ) ਤੋਂ ਵੱਧ ਸੀ।
ਪੰਜਾਬ ’ਚ ਮਈ ਮਹੀਨੇ ’ਚ ਬਿਜਲੀ ਦੀ ਮੰਗ ’ਚ ਲਗਭਗ 40 ਫੀਸਦੀ ਦਾ ਰਿਕਾਰਡ ਵਾਧਾ ਹੋਇਆ ਹੈ। ਇਸ ਸਾਲ 10 ਮਈ ਨੂੰ ਮੰਗ 10,402 ਮੈਗਾਵਾਟ ਸੀ, ਜੋ ਇਸ ਸਮੇਂ 14,322 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
ਇਸੇ ਤਰ੍ਹਾਂ ਹਰਿਆਣੇ ’ਚ ਵੀ ਬਿਜਲੀ ਦੀ ਮੰਗ ’ਚ 30-35 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ ਬੀਤੇ ਸਾਲ ਬਿਜਲੀ ਦੀ ਮੰਗ ਲਗਭਗ 8009 ਮੈਗਾਵਾਟ ਰੋਜ਼ਾਨਾ ਸੀ ਜੋ ਇਸ ਸਾਲ ਮਈ ’ਚ 10,125 ਮੈਗਾਵਾਟ ਤੱਕ ਪੁੱਜ ਗਈ।
ਹਿਮਾਚਲ ’ਚ ਵੀ 1 ਮਹੀਨਾ ਪਹਿਲਾਂ ਹਰ ਰੋਜ਼ 340 ਤੋਂ 345 ਲੱਖ ਯੂਨਿਟ ਬਿਜਲੀ ਦੀ ਖਪਤ ਹੋ ਰਹੀ ਸੀ ਜੋ ਇਸ ਸਮੇਂ ਵਧ ਕੇ 360 ਲੱਖ ਯੂਨਿਟ ਹੋ ਗਈ ਹੈ।
ਰਾਜਸਥਾਨ ’ਚ ਬੀਤੇ ਸਾਲ ਬਿਜਲੀ ਦੀ ਮੰਗ 2800 ਤੋਂ 3000 ਲੱਖ ਯੂਨਿਟ ਰੋਜ਼ਾਨਾ ਸੀ ਜੋ ਇਸ ਸਾਲ 3300 ਤੋਂ 3500 ਲੱਖ ਯੂਨਿਟ ਤੱਕ ਪੁੱਜ ਗਈ ਹੈ।
ਉੱਤਰ ਪ੍ਰਦੇਸ਼ ’ਚ ਵੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਬਿਜਲੀ ਕਟੌਤੀ ਜ਼ੋਰਾਂ ’ਤੇ ਹੈ ਅਤੇ ‘ਲੋਕਲ ਫਾਲਟ’ ਦੇ ਨਾਂ ’ਤੇ ਬਿਜਲੀ ਕਟੌਤੀ ਚਾਲੂ ਹੈ। ਸੂਬੇ ’ਚ ਬਿਜਲੀ ਦੀ ਮੰਗ ਮਈ ’ਚ 28,291 ਮੈਗਾਵਾਟ ਤੋਂ ਵਧ ਕੇ ਜੂਨ ’ਚ 29,853 ਮੈਗਾਵਾਟ ਅਤੇ ਜੁਲਾਈ ’ਚ 30,581 ਮੈਗਾਵਾਟ, ਅਗਸਤ ’ਚ 31,585 ਮੈਗਾਵਾਟ ਅਤੇ ਸਤੰਬਰ ’ਚ 31,917 ਮੈਗਾਵਾਟ ਤੱਕ ਪਹੁੰਚਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਹੋਰ ਸੂਬਿਆਂ ’ਚ ਵੀ ਲੋਕਾਂ ਨੂੰ ਲਗਭਗ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਟਰਾਂਸਫਾਰਮਰਾਂ ’ਤੇ ਬਿਜਲੀ ਦਾ ਲੋਡ ਵਧ ਜਾਣ ’ਤੇ ਉਨ੍ਹਾਂ ’ਚ ਅੱਗ ਲੱਗਣ ਕਾਰਨ ਫਿਊਜ਼ ਉੱਡਣ ਅਤੇ ਹੋਰ ਫਾਲਟ ਪੈਣ ਦੀਆਂ ਸ਼ਿਕਾਇਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਾਰਟ ਸਰਕਟ ਹੋਣ ਦੇ ਨਤੀਜੇ ਵਜੋਂ ਥਾਂ-ਥਾਂ ਅਗਨੀਕਾਂਡ ਵੀ ਹੋ ਰਹੇ ਹਨ।
ਬਿਜਲੀ ਦੀ ਮੰਗ ਵਧਣ ਅਤੇ ਸਿਸਟਮ ਓਵਰਲੋਡ ਹੋਣ ਕਾਰਨ ਇਕੱਲੇ ਪੰਜਾਬ ’ਚ ਹੀ ਹਰ ਰੋਜ਼ 20,000 ਦੇ ਲਗਭਗ ਫਾਲਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਅਤੇ 6 ਤੋਂ 8 ਘੰਟਿਆਂ ਤਕ ਦੇ ਪਾਵਰ ਕੱਟਾਂ ਨਾਲ ਜਨਤਾ ਦਾ ਹਾਲ ਖਰਾਬ ਹੋ ਰਿਹਾ ਹੈ।
ਜ਼ਿਆਦਾਤਰ ਲੋਕਾਂ ਨੂੰ ਸ਼ਿਕਾਇਤ ਹੈ ਕਿ ਵਿਭਾਗੀ ਮੁਲਾਜ਼ਮਾਂ ਵਲੋਂ ਫਾਲਟ ਠੀਕ ਕਰਨ ਲਈ ਸਮੇਂ ’ਤੇ ਨਾ ਪਹੁੰਚਣ ਅਤੇ ਫੋਨ ਨਾ ਚੁੱਕਣ ਕਾਰਨ ਉਨ੍ਹਾਂ ਨੂੰ ਦੋਹਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਵਾਰ ਬਿਜਲੀ ਘਰਾਂ ’ਚ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਵਧਾ ਰਹੀ ਹੈ। ਕਈ ਥਾਂ ਬਿਜਲੀ ਕੱਟਾਂ ਕਾਰਨ ਲੜਾਈ-ਝਗੜੇ ਹੋ ਰਹੇ ਹਨ ਅਤੇ ਕਈ ਥਾਂ ਲੋਕ ਧਰਨਾ-ਪ੍ਰਦਰਸ਼ਨ ਕਰ ਕੇ ਰੋਸ ਦਾ ਪ੍ਰਗਟਾਵਾ ਕਰ ਰਹੇ ਹਨ।
22 ਮਈ ਨੂੰ ਹੁਸ਼ਿਆਰਪੁਰ ਦੇ ਪਿੰਡ ‘ਚੱਕ ਸਾਧੂ’ ’ਚ ਵੱਡੀ ਗਿਣਤੀ ’ਚ ਔਰਤਾਂ ਅਤੇ ਬੱਚਿਆਂ ਨੇ ਸੜਕ ਜਾਮ ਕਰ ਕੇ ਗੈਰ-ਤਸੱਲੀਬਖਸ਼ ਬਿਜਲੀ ਸਪਲਾਈ ਵਿਰੁੱਧ ਰੋਸ ਪ੍ਰਗਟ ਕੀਤਾ।
ਇਸ ਤਰ੍ਹਾਂ ਦੇ ਹਾਲਾਤ ’ਚ ਜਾਣਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਸੂਬਿਆਂ ’ਚ ਬਿਜਲੀ ਦੇ ਪੁਰਾਣੇ ਇਨਫਰਾਸਟ੍ਰੱਕਚਰ ਕਾਰਨ ਵੀ ਫਾਲਟ ਪੈਦਾ ਹੋ ਰਹੇ ਹਨ। ਇਸ ਨੂੰ ਦੇਖਦਿਆਂ ਲੋਕਾਂ ਦੀਆਂ ਵਧ ਰਹੀਆਂ ਲੋੜਾਂ ਅਨੁਸਾਰ ਬਿਜਲੀ ਦੇ ਲੋਡ ਦੇ ਵਾਧੇ ਅਨੁਸਾਰ ਹੀ ਟਰਾਂਸਫਾਰਮਰਾਂ, ਤਾਰਾਂ ਅਤੇ ਹੋਰ ਉਪਕਰਨਾਂ ਦੀ ਸਮਰੱਥਾ ਵਧਾਉਣ ਅਤੇ ਖਰਾਬ ਅਤੇ ਪੁਰਾਣੇ ਪੈ ਚੁੱਕੇ ਉਪਕਰਨਾਂ ਨੂੰ ਬਦਲਣ ਦੀ ਤੁਰੰਤ ਲੋੜ ਹੈ।
ਇਸ ਤੋਂ ਇਲਾਵਾ ਦੇਸ਼ ’ਚ ਸੂਰਜੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਵੀ ਲੋੜ ਹੈ। ਇਸ ਨਾਲ ਨਾ ਸਿਰਫ ਬਿਜਲੀ ਖਪਤਕਾਰਾਂ ਦੇ ਖਰਚ ਦੀ ਬੱਚਤ ਹੋਵੇਗੀ ਸਗੋਂ ਥਰਮਲ ਬਿਜਲੀ ਉਤਪਾਦਨ ਕਾਰਨ ਹੋਣ ਵਾਲੇ ਪ੍ਰਦੂਸ਼ਣ ’ਚ ਵੀ ਕਮੀ ਆਵੇਗੀ।
ਖਪਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਲੋੜ ਅਨੁਸਾਰ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਤਾਂ ਕਿ ਮੰਗ ਕੰਟਰੋਲ ’ਚ ਰਹੇ ਅਤੇ ਫਾਲਟ ਪੈਦਾ ਹੋਣ ਅਤੇ ਕੱਟ ਲੱਗਣ ਦੀ ਨੌਬਤ ਘੱਟ ਆਵੇ। ਉਹ ਆਪਣੇ ਵਰਤੇ ਜਾਣ ਵਾਲੇ ਲੋਡ ਦੀ ਸਹੀ ਜਾਣਕਾਰੀ ਵਿਭਾਗ ਨੂੰ ਦੇਣ। ਇਸ ਨਾਲ ਡਿਮਾਂਡ ਅਨੁਸਾਰ ਸਿਸਟਮ ਨੂੰ ਅਪਡੇਟ ਕੀਤਾ ਜਾ ਸਕੇਗਾ ਅਤੇ ਫਾਲਟ ਪੈਣ ਦੀ ਗਿਣਤੀ ’ਚ ਕਮੀ ਆਵੇਗੀ।

-ਵਿਜੇ ਕੁਮਾਰ


author

Inder Prajapati

Content Editor

Related News